ਮੁੰਬਈ, 16 ਨਵੰਬਰ (ਹਿ.ਸ.)। ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਵਾਨਖੇੜੇ ‘ਤੇ ਵਿਸ਼ਵ ਕੱਪ ਸੈਮੀਫਾਈਨਲ ਮੁਕਾਬਲੇ ‘ਚ ਨਿਊਜ਼ੀਲੈਂਡ ਦੇ ਖਿਲਾਫ ਬੱਲੇਬਾਜ਼ੀ ਕਰਦੇ ਹੋਏ ਕੜਵੱਲ ਅਤੇ ਫਿਰ ਆਖਿਰਕਾਰ ਹੈਮਸਟ੍ਰਿੰਗ ‘ਚ ਖਿਚਾਅ ਦੇ ਕਾਰਨਾਂ ਬਾਰੇ ਗੱਲ ਕੀਤੀ। ਨੌਜਵਾਨ ਸਲਾਮੀ ਬੱਲੇਬਾਜ਼ 79 ਦੌੜਾਂ ਦੇ ਸਕੋਰ ‘ਤੇ ਭਾਰਤ ਦੀ ਪਾਰੀ ਦੇ 23ਵੇਂ ਓਵਰ ‘ਚ ਮੈਦਾਨ ਤੋਂ ਬਾਹਰ ਚਲੇ ਗਏ ਅਤੇ ਬਾਅਦ ‘ਚ ਬੁੱਧਵਾਰ ਨੂੰ ਆਖਰੀ ਓਵਰ ‘ਚ ਬੱਲੇਬਾਜ਼ੀ ਲਈ ਵਾਪਸ ਪਰਤੇ। ਵਿਸ਼ਵ ਕੱਪ ‘ਚ ਗਿੱਲ ਦੇ ਡੈਬਿਊ ‘ਚ ਵੀ ਡੇਂਗੂ ਦੇ ਕਾਰਨ ਰੁਕਾਵਟ ਆਈ, ਜਿਸ ਕਾਰਨ ਉਹ ਟੂਰਨਾਮੈਂਟ ਦੇ ਪਹਿਲੇ ਦੋ ਮੈਚਾਂ ‘ਚ ਨਹੀਂ ਖੇਡ ਸਕੇ ਸਨ।
ਗਿੱਲ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਕਿਹਾ, ਇਹ ਕੜਵੱਲ ਨਾਲ ਸ਼ੁਰੂ ਹੋਇਆ ਅਤੇ ਫਿਰ ਮੇਰੀ ਹੈਮਸਟ੍ਰਿੰਗ ਵਿੱਚ ਥੋੜਾ ਜਿਹਾ ਖਿਚਾਅ ਆ ਗਿਆ । ਮੈਨੂੰ ਲੱਗਦਾ ਹੈ ਕਿ ਇਹ ਡੇਂਗੂ ਦੇ ਬਾਅਦ ਦੇ ਪ੍ਰਭਾਵ ਸਨ। 24 ਸਾਲਾ ਗਿੱਲ ਨੇ ਸੰਕੇਤ ਦਿੱਤਾ ਕਿ ਡੇਂਗੂ ਕਾਰਨ ਉਨ੍ਹਾਂ ਦੇ ਖੇਡਣ ਦੀ ਸ਼ੈਲੀ ਵਿਚ ਕੋਈ ਵੱਡਾ ਬਦਲਾਅ ਨਹੀਂ ਆਇਆ ਹੈ, ਪਰ ਉਨ੍ਹਾਂ ਨੇ ਮੰਨਿਆ ਕਿ ਠੀਕ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਮਾਸਪੇਸ਼ੀਆਂ ਦਾ ਥੋੜ੍ਹਾ ਨੁਕਸਾਨ ਹੋਇਆ ਹੈ।
ਗਿੱਲ ਨੇ ਕਿਹਾ, ਇਮਾਨਦਾਰੀ ਨਾਲ ਕਹਾਂ ਤਾਂ ਮੈਂ ਆਪਣੀ ਬੱਲੇਬਾਜ਼ੀ ਦੇ ਮਾਮਲੇ ਵਿੱਚ ਅਸਲ ਵਿੱਚ ਕੁਝ ਵੀ ਐਡਜਸਟ ਨਹੀਂ ਕੀਤਾ ਹੈ, ਪਰ ਕਿਉਂਕਿ ਮੇਰੀਆਂ ਮਾਸਪੇਸ਼ੀਆਂ ਥੋੜ੍ਹੀਆਂ ਘੱਟ ਗਈਆਂ ਹਨ, ਮੈਨੂੰ ਲੱਗਦਾ ਹੈ ਕਿ ਡੇਂਗੂ ਤੋਂ ਪਹਿਲਾਂ ਮੇਰੇ ਕੋਲ ਜੋ ਭੰਡਾਰ ਸੀ ਉਹ ਥੋੜ੍ਹਾ ਘੱਟ ਹੋ ਗਿਆ ਹੈ ਅਤੇ ਇਹ ਹੀ ਕਾਰਨ ਹੈ ਕਿ ਮੈਂ ਆਮ ਤੌਰ ‘ਤੇ ਅਜਿਹਾ ਨਹੀਂ ਕਰਦਾ ਹਾਂ। ਅਸਲ ਵਿੱਚ ਜਦੋਂ ਤੁਸੀਂ ਨਮੀ ਵਾਲੀ ਸਥਿਤੀ ਵਿੱਚ ਖੇਡਦੇ ਹੋ ਤਾਂ ਤੁਹਾਨੂੰ ਕੜਵੱਲ ਆਉਂਦੇ ਹਨ। ਮੈਨੂੰ ਲੱਗਦਾ ਹੈ ਕਿ ਮੇਰੀਆਂ ਕੁਝ ਮਾਸਪੇਸ਼ੀਆਂ ਘੱਟ ਗਈਆਂ ਹਨ; ਰਿਜ਼ਰਵ ਥੋੜ੍ਹਾ ਘੱਟ ਗਿਆ ਹੈ।’’
ਅੰਤ ਵਿੱਚ, ਗਿੱਲ ਨੇ ਪੁਸ਼ਟੀ ਕੀਤੀ ਕਿ ਉਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 19 ਨਵੰਬਰ ਨੂੰ ਹੋਣ ਵਾਲੇ ਵਿਸ਼ਵ ਕੱਪ ਫਾਈਨਲ ਮੈਚ ਲਈ ਫਿੱਟ ਹੋ ਜਾਣਗੇ।
ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 4 ਵਿਕਟਾਂ ‘ਤੇ 397 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ (29 ਗੇਂਦਾਂ ਵਿੱਚ ਚਾਰ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 47 ਦੌੜਾਂ) ਅਤੇ ਸ਼ੁਭਮਨ ਗਿੱਲ (66 ਗੇਂਦਾਂ ਵਿੱਚ ਅੱਠ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 80 ਦੌੜਾਂ) ਨੇ 71 ਦੌੜਾਂ ਦੀ ਪਹਿਲੀ ਵਿਕਟ ਦੀ ਸਾਂਝੇਦਾਰੀ ਕਰਕੇ ਚੰਗੀ ਸ਼ੁਰੂਆਤ ਦਿਵਾਈ।
ਹਾਲਾਂਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅਤੇ ਡੇਰਿਲ ਮਿਸ਼ੇਲ ਨੇ ਕੀਵੀਆਂ ਨੂੰ ਮੈਚ ਵਿੱਚ ਵਾਪਸ ਲਿਆਉਣ ਲਈ ਸਾਂਝੇਦਾਰੀ ਕੀਤੀ ਪਰ ਸ਼ਮੀ ਦੀਆਂ ਸੱਤ ਵਿਕਟਾਂ ਨੇ ਬਲੈਕਕੈਪਸ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਭਾਰਤ ਨੇ 70 ਦੌੜਾਂ ਨਾਲ ਜਿੱਤ ਦਰਜ ਕੀਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
