ਅਹਿਮਦਾਬਾਦ, 19 ਨਵੰਬਰ (ਹਿ.ਸ.)। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਅੱਜ (ਐਤਵਾਰ) ਦੁਪਹਿਰ 2 ਵਜੇ ਇੱਥੋਂ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਅਹਿਮਦਾਬਾਦ ‘ਚ ਸਵੇਰ ਤੋਂ ਹੀ ਤਿਉਹਾਰ ਵਰਗਾ ਮਾਹੌਲ ਹੈ। ਸਟੇਡੀਅਮ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ‘ਤੇ ਦਰਸ਼ਕਾਂ ਦੀ ਭੀੜ ਦਿਖਾਈ ਦੇ ਰਹੀ ਹੈ। ਸਟੇਡੀਅਮ ਦੇ ਆਲੇ-ਦੁਆਲੇ ਦਰਸ਼ਕਾਂ ਦੀ ਭੀੜ ਇਕੱਠੀ ਹੋ ਗਈ ਹੈ। ਹਰ ਕਿਸੇ ਨੂੰ ਕੁਝ ਸਮੇਂ ਬਾਅਦ ਅੰਦਰ ਜਾਣ ਦਿੱਤਾ ਜਾਵੇਗਾ।
ਫਾਈਨਲ ਮੈਚ ਨੂੰ ਲੈ ਕੇ ਇੱਥੇ ਉਤਸ਼ਾਹ ਸਿਖਰਾਂ ‘ਤੇ ਹੈ। ਭਾਰਤ ਨੂੰ ਇਸ ਵਾਰ ਵਿਸ਼ਵ ਕੱਪ ਟਰਾਫੀ ਦਾ ਮਜ਼ਬੂਤ ਦਾਅਵੇਦਾਰ ਦੱਸਿਆ ਜਾ ਰਿਹਾ ਹੈ। ਭਾਰਤ ਨੇ ਲੀਗ ਅਤੇ ਸੈਮੀਫਾਈਨਲ ਦੇ ਸਾਰੇ 10 ਮੈਚ ਜਿੱਤੇ ਹਨ। ਫਾਈਨਲ ਮੈਚ ਦੇਖਣ ਲਈ 100 ਤੋਂ ਵੱਧ ਵੀ.ਵੀ.ਆਈ.ਪੀਜ਼ ਦੇ ਪਹੁੰਚਣ ਦੀ ਉਮੀਦ ਹੈ। ਭਾਰਤ ਰਤਨ ਸਚਿਨ ਤੇਂਦੁਲਕਰ ਅਤੇ ਕਈ ਹੋਰ ਅਹਿਮਦਾਬਾਦ ਪਹੁੰਚ ਚੁੱਕੇ ਹਨ।
ਪ੍ਰਸ਼ਾਸਨ ਨੇ ਮੋਟੇਰਾ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਤੇਂਦੁਲਕਰ ਸਵੇਰੇ ਅਹਿਮਦਾਬਾਦ ਪਹੁੰਚ ਗਏ। ਉਨ੍ਹਾਂ ਨੇ ਭਾਰਤੀ ਟੀਮ ਦੀ ਜਿੱਤ ਦੀ ਕਾਮਨਾ ਕੀਤੀ ਹੈ। ਨਾਲ ਹੀ ਕਿਹਾ ਕਿ ਅੱਜ ਅਸੀਂ ਟਰਾਫੀ ਚੁੱਕਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਅੱਠ ਰਾਜਾਂ ਦੇ ਮੁੱਖ ਮੰਤਰੀ ਮੈਚ ਦੇਖਣ ਆਉਣ ਵਾਲੇ ਹਨ। ਕੁਝ ਉਦਯੋਗਪਤੀ ਅਤੇ ਅਭਿਨੇਤਾ ਅਤੇ ਅਭਿਨੇਤਰੀਆਂ ਵੀ ਪਹੁੰਚ ਸਕਦੀਆਂ ਹਨ।ਪ੍ਰਸ਼ਾਸਨ ਨੇ ਛੇ ਹਜ਼ਾਰ ਤੋਂ ਵੱਧ ਜਵਾਨਾਂ ਦਾ ਪ੍ਰਬੰਧ ਕਰਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
