ਸ਼ੇਨਝੇਨ, 24 ਨਵੰਬਰ (ਹਿ. ਸ.)। ਮਹਿਲਾ ਸਿੰਗਲਜ਼ ਵਿੱਚ ਵਿਸ਼ਵ ਨੰਬਰ 1 ਦੱਖਣੀ ਕੋਰੀਆ ਦੀ ਐੱਨ ਸੇ-ਯੰਗ ਅਤੇ ਪੁਰਸ਼ ਸਿੰਗਲਜ਼ ਵਿੱਚ ਦੂਜਾ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਗਿੰਟਿੰਗ ਐਂਥਨੀ ਸਿਨਿਸੁਕਾ ਵੀਰਵਾਰ ਨੂੰ ਇੱਥੇ 2023 ਬੀਡਬਲਯੂਐੱਫ ਚੀਨ ਮਾਸਟਰਜ਼ ਦੇ ਦੂਜੇ ਦੌਰ ਵਿੱਚੋਂ ਹਾਰ ਕੇ ਬਾਹਰ ਹੋ ਗਏ।
ਵਿਸ਼ਵ ਚੈਂਪੀਅਨ ਐੱਨ ਨੂੰ ਚੀਨ ਦੀ ਵਾਂਗ ਸ਼ੀਈ ਤੋਂ ਸਿੱਧੇ ਸੈੱਟਾਂ ਵਿੱਚ 21-12, 21-16 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਤੀਜਾ ਦਰਜਾ ਪ੍ਰਾਪਤ ਚੀਨ ਦੀ ਚੇਨ ਯੂਫੇਈ ਨੇ ਮਲੇਸ਼ੀਆ ਦੇ ਗੋਹ ਜਿਨ ਵੇਈ ਨੂੰ 21-9, 21-16 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਪੁਰਸ਼ ਸਿੰਗਲ ਮੈਚ ਵਿੱਚ ਗਿੰਟਿੰਗ ਨੂੰ ਚੀਨੀ ਤਾਈਪੇ ਦੇ ਗੈਰ ਦਰਜਾ ਪ੍ਰਾਪਤ ਲਿਨ ਚੁਨ-ਯੀ ਨੇ 21-18, 21-17 ਨਾਲ ਹਰਾਇਆ। ਅਗਲੇ ਦੌਰ ਵਿੱਚ ਲਿਨ ਦਾ ਸਾਹਮਣਾ ਚੀਨ ਦੇ ਸ਼ਟਲਰ ਝਾਓ ਜੁਨਪੇਂਗ ਨਾਲ ਹੋਵੇਗਾ, ਜਿਨ੍ਹਾਂ ਨੇ ਡੈਨਮਾਰਕ ਦੇ ਰਾਸਮੁਸ ਗੇਮਕੇ ਨੂੰ 21-13, 21-14 ਨਾਲ ਹਰਾਇਆ।
ਤੀਜਾ ਦਰਜਾ ਪ੍ਰਾਪਤ ਜਾਪਾਨ ਦੇ ਕੋਡਾਈ ਨਾਰਾਓਕਾ ਨੇ 110 ਮਿੰਟ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ ਡੈਨਮਾਰਕ ਦੇ ਐਂਡਰਸ ਐਂਟੋਨਸੇਨ ਨੂੰ 21-19, 12-21, 21-19 ਨਾਲ ਹਰਾਇਆ, ਜਦਕਿ ਚੀਨ ਦੇ ਸੱਤਵਾਂ ਦਰਜਾ ਪ੍ਰਾਪਤ ਸ਼ੀ ਯੂਕੀ ਨੂੰ ਫਰਾਂਸ ਦੇ ਕ੍ਰਿਸਟੋ ਪੋਪੋਵ ਨੇ 21-15, 21-19 ਨਾਲ ਹਰਾਇਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
