ਹਾਂਗਜ਼ੂ, 29 ਸਤੰਬਰ (ਹਿ.ਸ.)। ਏਸ਼ੀਆਈ ਖੇਡਾਂ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਸ਼ੁੱਕਰਵਾਰ ਨੂੰ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਸਵਪਨਿਲ ਕੁਸਾਲੇ ਅਤੇ ਅਖਿਲ ਸ਼ਿਓਰਾਨ ਦੀ ਭਾਰਤੀ ਤਿਕੜੀ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਟੀਮ ਈਵੈਂਟ ਵਿੱਚ ਨਵੇਂ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਗਮਾ ਜਿੱਤਿਆ। ਉੱਥੇ ਹੀ ਈਸ਼ਾ ਸਿੰਘ, ਪਲਕ ਅਤੇ ਦਿਵਿਆ ਥਾਡੀਗੋਲ ਸੁਬਾਰਾਜੂ ਦੀ ਭਾਰਤੀ ਤਿਕੜੀ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।
ਐਸ਼ਵਰਿਆ ਤੋਮਰ, ਅਖਿਲ ਸ਼ਿਓਰਾਨ, ਸਵਪਨਿਲ ਕੁਸਲੇ ਦੀ ਭਾਰਤੀ ਪੁਰਸ਼ਾਂ ਦੀ 50 ਮੀਟਰ 3 ਪੁਜ਼ੀਸ਼ਨਾਂ ਵਾਲੀ ਰਾਈਫਲ ਟੀਮ ਨੇ 1769 ਦੇ ਰਿਕਾਰਡ ਸਕੋਰ ਨਾਲ ਸੋਨ ਤਗਮਾ ਜਿੱਤਿਆ। ਐਸ਼ਵਰਿਆ 591 ਦੇ ਨਾਲ ਸਿਖਰ ’ਤੇ ਅਤੇ ਸਵਪਨਿਲ 591 ਦੇ ਨਾਲ ਦੂਜੇ ਸਥਾਨ ’ਤੇ ਰਹੇ ਅਤੇ ਵਿਅਕਤੀਗਤ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਭਾਰਤੀ ਤਿਕੜੀ ਨੇ 1769 ਦਾ ਸਕੋਰ ਬਣਾਇਆ, ਜੋ ਪਿਛਲੇ ਸਾਲ ਪੇਰੂ ਵਿੱਚ ਅਮਰੀਕਾ ਵੱਲੋਂ ਬਣਾਏ ਗਏ ਸਕੋਰ ਨਾਲੋਂ ਅੱਠ ਅੰਕ ਵੱਧ ਹੈ। ਚੀਨ (1763) ਅਤੇ ਕੋਰੀਆ ਗਣਰਾਜ (1748) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ।
ਸਵਪਨਿਲ (591) ਅਤੇ ਐਸ਼ਵਰਿਆ (591) ਨੇ ਕੁਆਲੀਫ਼ਿਕੇਸ਼ਨ ਪੜਾਅ ’ਚ ਸਿਖਰ ’ਤੇ ਰਹਿ ਕੇ ਨਵਾਂ ਕੁਆਲੀਫਿਕੇਸ਼ਨ ਏਸ਼ੀਅਨ ਅਤੇ ਖੇਡਾਂ ਦਾ ਰਿਕਾਰਡ ਸਾਂਝਾ ਕੀਤਾ। ਅਖਿਲ (587) ਪੰਜਵੇਂ ਸਥਾਨ ’ਤੇ ਰਹੇ। ਵਿਅਕਤੀਗਤ ਫਾਈਨਲ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 11:30 ਵਜੇ ਸ਼ੁਰੂ ਹੋਵੇਗਾ।
ਇਸ ਦੌਰਾਨ ਈਸ਼ਾ ਸਿੰਘ, ਪਲਕ ਅਤੇ ਦਿਵਿਆ ਥਾਡੀਗੋਲ ਸੁਬਾਰਾਜੂ ਦੀ ਭਾਰਤੀ ਤਿਕੜੀ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।ਭਾਰਤੀ ਟੀਮ ਨੇ ਕੁੱਲ 1731 ਅੰਕ ਬਣਾਏ, ਚੀਨ (1736) ਤੋਂ ਪੰਜ ਅੰਕ ਪਿੱਛੇ, ਜਿਸਨੇ ਨਵੇਂ ਖੇਡਾਂ ਦੇ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ। ਚੀਨੀ ਤਾਈਪੇ ਨੇ 1723 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਈਸ਼ਾ (579) ਅਤੇ ਪਲਕ (577) ਕ੍ਰਮਵਾਰ ਪੰਜਵੇਂ ਅਤੇ ਸੱਤਵੇਂ ਸਥਾਨ ’ਤੇ ਰਹੀਆਂ ਅਤੇ ਭਾਰਤੀ ਸਮੇਂ ਅਨੁਸਾਰ ਸਵੇਰੇ 9 ਵਜੇ ਹੋਣ ਵਾਲੇ ਵਿਅਕਤੀਗਤ ਫਾਈਨਲ ਵਿੱਚ ਪਹੁੰਚ ਗਈਆਂ। ਜਦਕਿ ਦਿਵਿਆ (575) 10ਵੇਂ ਸਥਾਨ ’ਤੇ ਰਹੀ।
ਜ਼ਿਕਰਯੋਗ ਹੈ ਕਿ ਭਾਰਤੀ ਨਿਸ਼ਾਨੇਬਾਜ਼ਾਂ ਨੇ ਏਸ਼ਿਆਈ ਖੇਡਾਂ ਵਿੱਚ ਹੁਣ ਤੱਕ ਪੰਜ ਸੋਨ ਤਗ਼ਮੇ ਸਮੇਤ ਕੁੱਲ 15 ਤਗ਼ਮੇ ਜਿੱਤੇ ਹਨ। ਤਮਗਾ ਸੂਚੀ ਵਿਚ ਭਾਰਤ ਹੁਣ 27 ਤਗਮਿਆਂ ਨਾਲ ਚੌਥੇ ਸਥਾਨ ’ਤੇ ਆ ਗਿਆ ਹੈ, ਜਿਸ ਵਿਚ 7 ਸੋਨ, 9 ਚਾਂਦੀ ਅਤੇ 11 ਕਾਂਸੀ ਦੇ ਤਗਮੇ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
