ਹਾਂਗਜ਼ੂ, 25 ਸਤੰਬਰ (ਹਿ. ਸ.)। ਭਾਰਤੀ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਸੋਮਵਾਰ ਨੂੰ ਏਸ਼ੀਆਈ ਖੇਡਾਂ ’ਚ ਭਾਰਤ ਨੂੰ ਨੌਵਾਂ ਤਮਗਾ ਦਿਵਾਇਆ। ਐਸ਼ਵਰਿਆ ਨੇ 10 ਮੀਟਰ ਏਅਰ ਰਾਈਫਲ ’ਚ 229.8 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਉੱਥੇ ਹੀ ਤੀਜੇ ਸਥਾਨ ਲਈ ਸ਼ੂਟ ਆਫ ਵਿਚ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਤੋਂ ਹਾਰਨ ਤੋਂ ਬਾਅਦ ਰੁਦਰਾਕਸ਼ ਪਾਟਿਲ 208.7 ਅੰਕਾਂ ਨਾਲ ਚੌਥੇ ਸਥਾਨ ’ਤੇ ਰਹੇ।
ਚੀਨ ਦੇ ਸ਼ੇਂਗ ਲੀਹਾਓ ਨੇ 253.3 ਅੰਕਾਂ ਨਾਲ ਵਿਸ਼ਵ ਰਿਕਾਰਡ ਤੋੜ ਕੇ ਸੋਨ ਤਗ਼ਮਾ ਜਿੱਤਿਆ, ਜਦਕਿ ਦੱਖਣੀ ਕੋਰੀਆ ਦੇ ਹਾਜੁਨ ਪਾਰਕ ਨੇ 251.3 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਸਵੇਰੇ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਇਹ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਰੁਦਰਾਕਸ਼ ਪਾਟਿਲ, ਦਿਵਿਆਂਸ਼ ਪੰਵਾਰ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ 1893.7 ਦੇ ਸਾਂਝੇ ਸਕੋਰ ਨਾਲ ਸੋਨ ਤਗਮਾ ਜਿੱਤਿਆ। ਇਸ ਦੌਰਾਨ ਰੋਇੰਗ ਵਿੱਚ ਪੁਰਸ਼ਾਂ ਦੇ ਚਾਰ ਵਰਗ ਵਿੱਚ ਜਸਵਿੰਦਰ ਸਿੰਘ, ਭੀਮ ਸਿੰਘ, ਪੁਨੀਤ ਕੁਮਾਰ ਅਤੇ ਅਸ਼ੀਸ਼ ਦੀ ਭਾਰਤੀ ਟੀਮ ਨੇ 6:10.81 ਸਕਿੰਟ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
