ਹਾਂਗਜ਼ੂ, 05 ਅਕਤੂਬਰ (ਹਿ. ਸ.)। ਭਾਰਤ ਦੀ ਸਟਾਰ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵੀਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਹਾਰ ਕੇ ਏਸ਼ੀਆਈ ਖੇਡਾਂ ਤੋਂ ਬਾਹਰ ਹੋ ਗਈ। ਮਹਿਲਾ ਬੈਡਮਿੰਟਨ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਪੀਵੀ ਸਿੰਧੂ ਨੂੰ ਚੀਨ ਦੀ ਹੀ ਬਿੰਗਝਾਓ ਨੇ 21-16, 21-12 ਨਾਲ ਹਰਾਇਆ। ਇਹ ਮੈਚ 47 ਮਿੰਟ ਤੱਕ ਚੱਲਿਆ।
ਸਿੰਧੂ ਨੇ ਪਹਿਲੀ ਗੇਮ ‘ਚ ਬਿੰਗਝਾਓ ਨੂੰ ਚੁਣੌਤੀ ਦਿੱਤੀ ਅਤੇ ਇਕ ਸਮੇਂ ਚੀਨੀ ਖਿਡਾਰਨ ਤੋਂ 18-16 ‘ਤੇ ਸਿਰਫ 2 ਅੰਕ ਪਿੱਛੇ ਸੀ, ਹਾਲਾਂਕਿ ਚੀਨੀ ਸ਼ਟਲਰ ਨੇ ਇਸ ਤੋਂ ਬਾਅਦ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਲਗਾਤਾਰ ਤਿੰਨ ਅੰਕ ਜਿੱਤ ਕੇ ਪਹਿਲੀ ਗੇਮ ਜਿੱਤ ਲਈ। ਦੂਜੇ ਗੇਮ ਵਿੱਚ ਘਰੇਲੂ ਪਸੰਦੀਦਾ ਬਿੰਗਝਾਓ ਨੇ ਆਪਣੀ ਫਾਰਮ ਨੂੰ ਜਾਰੀ ਰੱਖਿਆ ਅਤੇ ਆਸਾਨ ਜਿੱਤ ਨਾਲ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਸਿੰਧੂ ਨੇ 2018 ਵਿੱਚ ਜਕਾਰਤਾ ਅਤੇ ਪਾਲੇਮਬਾਂਗ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਸਿੰਧੂ ਦੇ ਬਾਹਰ ਹੋਣ ਦਾ ਮਤਲਬ ਹੈ ਕਿ ਭਾਰਤ ਕੋਲ ਏਸ਼ਿਆਈ ਖੇਡਾਂ ਵਿੱਚ ਬੈਡਮਿੰਟਨ ਵਿੱਚ ਸਿਰਫ਼ ਦੋ ਤਗ਼ਮਿਆਂ ਦੀ ਸੰਭਾਵਨਾ ਬਚੀ ਹੈ। ਸਾਤਵਿਕਸਾਈਰਾਜ ਰੈਂਕੀਰੈੱਡੀ-ਚਿਰਾਗ ਸ਼ੈੱਟੀ ਪੁਰਸ਼ ਡਬਲਜ਼ ਟੀਮ ਅਤੇ ਐਚਐਸ ਪ੍ਰਣਯ ਦਿਨ ਦੇ ਦੌਰਾਨ ਆਪਣੇ-ਆਪਣੇ ਮੁਕਾਬਲਿਆਂ ਦੇ ਕੁਆਰਟਰ ਫਾਈਨਲ ਵਿੱਚ ਭਿੜਨਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
