ਦੋਹਾ, 15 ਜਨਵਰੀ (ਹਿ.ਸ.)। ਤਾਕੁਮੀ ਮਿਨਾਮਿਨੋ ਦੇ ਦੋ ਗੋਲਾਂ ਦੀ ਬਦੌਲਤ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਨੇ ਐਤਵਾਰ ਨੂੰ ਇੱਥੇ ਏਐੱਫਸੀ ਏਸ਼ੀਅਨ ਕੱਪ ਦੇ ਗਰੁੱਪ ਡੀ ਦੇ ਪਹਿਲੇ ਦੌਰ ’ਚ ਪਿਛੜਨ ਤੋਂ ਬਾਅਦ ਵਾਪਸੀ ਕਰਦਿਆਂ ਵੀਅਤਨਾਮ ਨੂੰ 4-2 ਨਾਲ ਹਰਾਇਆ।
ਮਿਨਾਮਿਨੋ ਨੇ 11ਵੇਂ ਮਿੰਟ ‘ਚ ਗੋਲ ਕਰਕੇ ਜਾਪਾਨ ਨੂੰ ਅੱਗੇ ਕਰ ਦਿੱਤਾ ਸੀ ਪਰ ਵੀਅਤਨਾਮ ਨੇ ਕ੍ਰਮਵਾਰ 16ਵੇਂ ਅਤੇ 33ਵੇਂ ਮਿੰਟ ‘ਚ ਗੁਯੇਨ ਦਿਨਹ ਬਾਕ ਅਤੇ ਫਾਮ ਤੁਆਨ ਹਾਈ ਦੇ ਦੋ ਗੋਲਾਂ ਰਾਹੀਂ ਚਾਰ ਵਾਰ ਦੇ ਚੈਂਪੀਅਨ ਨੂੰ ਹੈਰਾਨ ਕਰ ਦਿੱਤਾ।
ਜਾਪਾਨ ਨੇ 45ਵੇਂ ਮਿੰਟ ਵਿੱਚ ਮਿਨਾਮਿਨੋ ਦੇ ਗੋਲ ਨਾਲ ਬਰਾਬਰੀ ਕਰ ਲਈ। ਇਸ ਗੋਲ ਦੇ 5 ਮਿੰਟ ਬਾਅਦ ਕਿਟੋ ਨਾਕਾਮੁਰਾ ਨੇ ਗੋਲ ਕਰਕੇ ਜਾਪਾਨ ਨੂੰ 3-2 ਨਾਲ ਅੱਗੇ ਕਰ ਦਿੱਤਾ। ਜਾਪਾਨੀ ਟੀਮ ਨੇ ਦੂਜੇ ਹਾਫ ‘ਚ ਕੰਟਰੋਲ ਬਣਾਈ ਰੱਖਿਆ ਅਤੇ 86ਵੇਂ ਮਿੰਟ ‘ਚ ਬਦਲਵੇਂ ਖਿਡਾਰੀ ਅਯਾਸੇ ਉਏਦਾ ਦੇ ਗੋਲ ਦੀ ਬਦੌਲਤ 4-2 ਨਾਲ ਜਿੱਤ ਦਰਜ ਕੀਤੀ।
ਮਿਨਾਮਿਨੋ ਨੇ ਇਸ ਨੌਜਵਾਨ ਅਤੇ ਰੋਧਕ ਵੀਅਤਨਾਮੀ ਟੀਮ ਦੀ ਪ੍ਰਸ਼ੰਸਾ ਕੀਤੀ। ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ, ਮੈਂ ਬਚਪਨ ਤੋਂ ਹੀ ਵੀਅਤਨਾਮ ਦੇ ਖਿਲਾਫ ਖੇਡ ਰਿਹਾ ਹਾਂ, ਇਸ ਲਈ ਮੈਨੂੰ ਪਤਾ ਹੈ ਕਿ ਉਹ ਕਿੰਨੀ ਚੰਗੀ ਟੀਮ ਹੋ ਸਕਦੀ ਹੈ। ਮੈਂ ਹੈਰਾਨ ਹਾਂ ਕਿ ਉਹ ਇੰਨਾ ਵਧੀਆ ਖੇਡੇ।
ਇੱਕ ਹੋਰ ਏਸ਼ਿਆਈ ਫੁਟਬਾਲ ਪਾਵਰਹਾਊਸ ਈਰਾਨ ਨੇ ਗਰੁੱਪ ਸੀ ਵਿੱਚ ਫਲਸਤੀਨ ਨੂੰ 4-1 ਨਾਲ ਹਰਾ ਕੇ ਏਐੱਫਸੀ ਏਸ਼ਿਆਈ ਕੱਪ ਮੁਹਿੰਮ ਦੀ ਸ਼ੁਰੂਆਤ ਕੀਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
