ਨਵੀਂ ਦਿੱਲੀ, 28 ਨਵੰਬਰ (ਹਿ.ਸ.)। ਆਸਟ੍ਰੇਲੀਆ ਨੇ ਭਾਰਤੀ ਟੀਮ ਖਿਲਾਫ ਮੌਜੂਦਾ ਟੀ-20 ਸੀਰੀਜ਼ ਦੇ ਬਾਕੀ ਮੈਚਾਂ ਲਈ ਆਪਣੀ ਟੀਮ ‘ਚ ਬਦਲਾਅ ਕੀਤਾ ਹੈ। ਆਸਟ੍ਰੇਲੀਆ ਨੇ ਵਿਸ਼ਵ ਕੱਪ ਜੇਤੂ ਛੇ ਖਿਡਾਰੀਆਂ ਨੂੰ ਟੀ-20 ਟੀਮ ਤੋਂ ਆਰਾਮ ਦੇਣ ਦਾ ਫੈਸਲਾ ਕੀਤਾ ਹੈ।
ਸਟੀਵ ਸਮਿਥ, ਗਲੇਨ ਮੈਕਸਵੈੱਲ, ਐਡਮ ਜ਼ੈਂਪਾ, ਮਾਰਕਸ ਸਟੋਇਨਿਸ, ਜੋਸ਼ ਇੰਗਲਿਸ ਅਤੇ ਸੀਨ ਐਬੋਟ ਨੂੰ ਭਾਰਤ ਦੇ ਖਿਲਾਫ ਚੱਲ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਬਾਕੀ ਤਿੰਨ ਮੈਚਾਂ ਤੋਂ ਆਰਾਮ ਦਿੱਤਾ ਗਿਆ ਹੈ। ਕ੍ਰਿਕਟ ਡਾਟ ਕਾਮ ਏਯੂ ਦੇ ਅਨੁਸਾਰ, ਵਿਸ਼ਵ ਕੱਪ ਜੇਤੂ ਸਟੀਵ ਸਮਿਥ ਅਤੇ ਐਡਮ ਜ਼ੈਂਪਾ ਅੱਜ ਰਾਤ ਗੁਵਾਹਾਟੀ ਵਿੱਚ ਤੀਜੇ ਮੈਚ ਤੋਂ ਪਹਿਲਾਂ ਹੀ ਘਰ ਪਰਤ ਚੁੱਕੇ ਹਨ, ਜਦੋਂ ਕਿ ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਜੋਸ਼ ਇੰਗਲਿਸ ਅਤੇ ਸੀਨ ਐਬੋਟ ਸਾਰੇ ਕੱਲ੍ਹ ਪਰਤਣਗੇ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਪੰਜ ਮੈਚਾਂ ਦੀ ਟੀ-20 ਸੀਰੀਜ਼ ‘ਚ 2-0 ਨਾਲ ਅੱਗੇ ਹੈ। ਦੋਵਾਂ ਟੀਮਾਂ ਵਿਚਾਲੇ ਤੀਜਾ ਟੀ-20 ਮੈਚ ਅੱਜ ਰਾਤ ਗੁਵਾਹਾਟੀ ‘ਚ ਖੇਡਿਆ ਜਾਵੇਗਾ।
ਆਸਟ੍ਰੇਲੀਆਈ ਟੀਮ : ਮੈਥਿਊ ਵੇਡ (ਕਪਤਾਨ), ਜੇਸਨ ਬੇਹਰਨਡੋਰਫ, ਟਿਮ ਡੇਵਿਡ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਕ੍ਰਿਸ ਗ੍ਰੀਨ, ਆਰੋਨ ਹਾਰਡੀ, ਟ੍ਰੈਵਿਸ ਹੈੱਡ, ਬੇਨ ਮੈਕਡੋਰਮੋਟ, ਜੋਸ਼ ਫਿਲਿਪ, ਤਨਵੀਰ ਸੰਘਾ, ਮੈਟ ਸ਼ਾਰਟ, ਕੇਨ ਰਿਚਰਡਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
