ਦੁਬਈ, 20 ਦਸੰਬਰ (ਹਿ.ਸ.)। ਜੇਐੱਸਡਬਲਯੂ-ਜੀਐੱਮਆਰ ਸਹਿ-ਮਾਲਕੀਅਤ ਵਾਲੀ ਦਿੱਲੀ ਕੈਪੀਟਲਜ਼ ਨੇ ਮੰਗਲਵਾਰ ਨੂੰ ਦੁਬਈ ਵਿੱਚ ਆਈਪੀਐੱਲ ਮਿਨੀ-ਨਿਲਾਮੀ 2024 ਵਿੱਚ ਆਪਣੀ ਟੀਮ ਵਿੱਚ ਦਿਲਚਸਪ ਬਦਲਾਅ ਕੀਤੇ। ਫਰੈਂਚਾਇਜ਼ੀ ਨੇ ਹਾਰਡ-ਹਿੱਟਿੰਗ ਹੈਰੀ ਬਰੂਕ ਨੂੰ 4 ਕਰੋੜ ਰੁਪਏ, ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਝਾਯ ਰਿਚਰਡਸਨ ਨੂੰ 5 ਕਰੋੜ ਰੁਪਏ ਅਤੇ ਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਸ਼ਾਈ ਹੋਪ ਨੂੰ 75 ਲੱਖ ਰੁਪਏ ਵਿੱਚ ਖਰੀਦਿਆ। ਦਿੱਲੀ ਕੈਪੀਟਲਸ ਨੇ ਅਨਕੈਪਡ ਭਾਰਤੀ ਵਿਕਟਕੀਪਰ ਬੱਲੇਬਾਜ਼ ਕੁਮਾਰ ਕੁਸ਼ਾਗ੍ਰਾ ਨੂੰ ਵੀ 7.2 ਕਰੋੜ ਰੁਪਏ ਵਿੱਚ ਖਰੀਦਿਆ।
ਆਈਪੀਐਲ 2024 ਲਈ ਦਿੱਲੀ ਕੈਪੀਟਲਜ਼ ਦੀ ਟੀਮ ਬਾਰੇ ਪੁੱਛੇ ਜਾਣ ‘ਤੇ, ਮੁੱਖ ਕੋਚ ਰਿਕੀ ਪੋਂਟਿੰਗ ਨੇ ਕਿਹਾ, ਅਸੀਂ ਉਹ ਸਾਰੀਆਂ ਕਮੀਆਂ ਭਰੀਆਂ ਜੋ ਅਸੀਂ ਚਾਹੁੰਦੇ ਸੀ ਅਤੇ ਮੈਂ ਸੋਚਿਆ ਕਿ ਅਸੀਂ ਨਿਲਾਮੀ ਦੀ ਮੇਜ਼ ‘ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਮੈਂ ਹੈਰੀ ਬਰੂਕ ਦੇ ਨਾਲ ਕੰਮ ਕਰਨ ਲਹੀ ਉਤਸ਼ਾਹਿਤ ਹਾਂ। ਉਹ ਇਸ ਸਮੇਂ ਸਭ ਤੋਂ ਪ੍ਰਤਿਭਾਸ਼ਾਲੀ ਅੰਤਰਰਾਸ਼ਟਰੀ ਕ੍ਰਿਕਟਰਾਂ ਵਿੱਚੋਂ ਇੱਕ ਹੈ। ਉਹ ਇਸ ਸਾਲ ਦੀ ਨਿਲਾਮੀ ਵਿੱਚ ਸਾਡੀ ਨੰਬਰ ਇੱਕ ਤਰਜੀਹ ਸੀ ਅਤੇ ਅਸੀਂ ਉਸ ਨੂੰ ਵੱਡੀ ਕੀਮਤ ‘ਤੇ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ।
ਇਸ ਦੌਰਾਨ ਦਿੱਲੀ ਕ੍ਰਿਕਟ ਦੇ ਨਿਰਦੇਸ਼ਕ ਸੌਰਵ ਗਾਂਗੁਲੀ ਨੇ ਕਿਹਾ, ਮੈਂ ਸ਼ਾਈ ਹੋਪ ਨੂੰ ਲੈ ਕੇ ਉਤਸ਼ਾਹਿਤ ਹਾਂ। ਉਹ ਸਪਿਨ ਦੇ ਚੰਗੇ ਖਿਡਾਰੀ ਹਨ ਅਤੇ 50 ਓਵਰਾਂ ਦੀ ਕ੍ਰਿਕਟ ‘ਚ ਉਨ੍ਹਾਂ ਦਾ ਸ਼ਾਨਦਾਰ ਰਿਕਾਰਡ ਹੈ। ਹਮਲੇ ‘ਚ ਝਾਯ ਰਿਚਰਡਸਨ ਦੇ ਨਾਲ ਸਾਡਾ ਗੇਂਦਬਾਜ਼ੀ ਵਿਭਾਗ ਚੰਗਾ ਲੱਗ ਰਿਹਾ ਹੈ।
ਦਿੱਲੀ ਕੈਪੀਟਲਸ ਨੇ ਦੱਖਣੀ ਅਫਰੀਕਾ ਦੇ ਵਿਕਟਕੀਪਰ-ਬੱਲੇਬਾਜ਼ ਟ੍ਰਿਸਟਨ ਸਟੱਬਸ ਨੂੰ 50 ਲੱਖ ਰੁਪਏ ਵਿੱਚ ਖਰੀਦਿਆ। ਇਸ 23 ਸਾਲਾ ਖਿਡਾਰੀ ਨੇ 59 ਟੀ-20 ਮੈਚਾਂ ‘ਚ 147.23 ਦੀ ਸਟ੍ਰਾਈਕ ਰੇਟ ਨਾਲ 1119 ਦੌੜਾਂ ਬਣਾਈਆਂ ਹਨ। ਤਜਰਬੇਕਾਰ ਵਿਕਟਕੀਪਰ-ਬੱਲੇਬਾਜ਼ ਰਿੱਕੀ ਭੂਈ ਨੂੰ 20 ਲੱਖ ਰੁਪਏ ਵਿੱਚ ਖਰੀਦਿਆ ਗਿਆ। ਉਨ੍ਹਾਂ ਨੇ 62 ਟੀ-20 ਮੈਚਾਂ ‘ਚ 32.54 ਦੀ ਔਸਤ ਨਾਲ 1497 ਦੌੜਾਂ ਬਣਾਈਆਂ ਹਨ।
ਗੁਜਰਾਤ ਟਾਈਟਨਜ਼ ਨਾਲ ਸਖ਼ਤ ਬੋਲੀ ਦੀ ਲੜਾਈ ਤੋਂ ਬਾਅਦ, ਦਿੱਲੀ ਕੈਪੀਟਲਜ਼ ਨੇ ਵਿਕਟਕੀਪਰ-ਬੱਲੇਬਾਜ਼ ਕੁਮਾਰ ਕੁਸ਼ਾਗ੍ਰਾ ਨੂੰ 7.2 ਕਰੋੜ ਰੁਪਏ ਵਿੱਚ ਖਰੀਦਿਆ। ਉਨ੍ਹਾਂ ਨੇ 11 ਟੀ-20 ਵਿੱਚ ਅੱਠ ਕੈਚ ਅਤੇ ਇੱਕ ਸਟੰਪਿੰਗ ਕੀਤਾ ਹੈ। ਕੁਸ਼ਾਗ੍ਰਾ ਬਾਰੇ ਗੱਲ ਕਰਦੇ ਹੋਏ, ਸਹਾਇਕ ਕੋਚ ਪ੍ਰਵੀਨ ਆਮਰੇ ਨੇ ਕਿਹਾ, ਦਿੱਲੀ ਕੈਪੀਟਲਸ ਨੇ ਹਮੇਸ਼ਾ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਹੈ। ਅਸੀਂ ਟੀ-20 ਕ੍ਰਿਕਟ ਖੇਡਣ ਤੋਂ ਪਹਿਲਾਂ ਰਿਸ਼ਭ ਪੰਤ, ਪ੍ਰਿਥਵੀ ਸ਼ਾਅ ਅਤੇ ਸ਼੍ਰੇਅਸ ਅਈਅਰ ਵਰਗੇ ਖਿਡਾਰੀਆਂ ਦਾ ਸਮਰਥਨ ਕੀਤਾ ਹੈ। ਕੁਮਾਰ ਇੱਕ ਹੋਰ ਖਿਡਾਰੀ ਹੈ ਜਿਸ ਨੂੰ ਅਸੀਂ ਚੁੱਕਿਆ ਹੈ। ਉਮੀਦ ਹੈ ਕਿ ਉਹ ਸਾਡੇ ਲਈ ਕੰਮ ਕਰਨਗੇ।
ਇਸ ਦੌਰਾਨ ਮੱਧਮ ਤੇਜ਼ ਗੇਂਦਬਾਜ਼ ਰਸਿਖ ਡਾਰ ਨੂੰ 20 ਲੱਖ ਰੁਪਏ ਵਿੱਚ ਖਰੀਦਿਆ ਗਿਆ। ਉਨ੍ਹਾਂ ਨੇ 15 ਟੀ-20 ਮੈਚਾਂ ‘ਚ 27.66 ਦੀ ਔਸਤ ਨਾਲ 15 ਵਿਕਟਾਂ ਲਈਆਂ ਹਨ ਅਤੇ 85 ਟੀ-20 ਮੈਚਾਂ ‘ਚ 21.58 ਦੀ ਔਸਤ ਨਾਲ 112 ਵਿਕਟਾਂ ਲੈਣ ਵਾਲੇ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਝਾਯ ਰਿਚਰਡਸਨ ਨੂੰ 5 ਕਰੋੜ ਰੁਪਏ ‘ਚ ਚੁਣਿਆ ਗਿਆ।
ਕੋਲਕਾਤਾ ਨਾਈਟ ਰਾਈਡਰਜ਼ ਨਾਲ ਤਿੱਖੀ ਬੋਲੀ ਦੀ ਜੰਗ ਤੋਂ ਬਾਅਦ, ਭਾਰਤੀ ਆਲਰਾਊਂਡਰ ਸੁਮਿਤ ਕੁਮਾਰ ਨੂੰ 1 ਕਰੋੜ ਰੁਪਏ ਵਿੱਚ ਖਰੀਦਿਆ ਗਿਆ। ਉਨ੍ਹਾਂ ਨੇ 45 ਟੀ-20 ਵਿੱਚ 574 ਦੌੜਾਂ ਬਣਾਈਆਂ ਹਨ ਅਤੇ 43 ਵਿਕਟਾਂ ਲਈਆਂ ਹਨ।
ਦਿੱਲੀ ਕੈਪੀਟਲਸ ਨੇ ਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਸ਼ਾਈ ਹੋਪ ਨੂੰ ਵੀ 75 ਲੱਖ ਰੁਪਏ ਵਿੱਚ ਖਰੀਦਿਆ ਹੈ। ਉਨ੍ਹਾਂ ਨੇ 91 ਟੀ-20 ਵਿੱਚ 2132 ਦੌੜਾਂ ਬਣਾਈਆਂ ਹਨ ਅਤੇ 40 ਕੈਚ ਅਤੇ 8 ਸਟੰਪਿੰਗ ਕੀਤੇ ਹਨ। ਇਸ ਦੌਰਾਨ ਸਲਾਮੀ ਬੱਲੇਬਾਜ਼ ਸਵਾਸਤਿਕ ਚਿਕਾਰਾ ਨੂੰ 20 ਲੱਖ ਰੁਪਏ ਵਿੱਚ ਖਰੀਦਿਆ ਗਿਆ। ਉਨ੍ਹਾਂ ਨੇ ਲਿਸਟ ਏ ਦੇ 6 ਮੈਚਾਂ ‘ਚ 200 ਦੌੜਾਂ ਬਣਾਈਆਂ ਹਨ।
ਦਿੱਲੀ ਕੈਪੀਟਲਜ਼ ਦੀ ਟੀਮ
ਭਾਰਤੀ : ਰਿਸ਼ਭ ਪੰਤ, ਅਕਸ਼ਰ ਪਟੇਲ, ਕੁਲਦੀਪ ਯਾਦਵ, ਇਸ਼ਾਂਤ ਸ਼ਰਮਾ, ਪ੍ਰਿਥਵੀ ਸ਼ਾਅ, ਖਲੀਲ ਅਹਿਮਦ, ਲਲਿਤ ਯਾਦਵ, ਪ੍ਰਵੀਨ ਦੂਬੇ, ਮੁਕੇਸ਼ ਕੁਮਾਰ, ਯਸ਼ ਢੁਲ, ਵਿੱਕੀ ਓਸਟਵਾਲ, ਅਭਿਸ਼ੇਕ ਪੋਰੇਲ, ਰਿੱਕੀ ਭੂਈ, ਕੁਮਾਰ ਕੁਸ਼ਾਗ੍ਰਾ, ਰਸੀਖ ਡਾਰ, ਸੁਮਿਤ ਕੁਮਾਰ ਅਤੇ ਸਵਾਸਤਿਕ ਚਿਕਾਰਾ।
ਵਿਦੇਸ਼ੀ: ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਐਨਰਿਕ ਨੋਰਟਜੇ, ਲੁੰਗੀ ਐਨਗਿਡੀ, ਹੈਰੀ ਬਰੂਕ, ਟ੍ਰਿਸਟਨ ਸਟੱਬਸ, ਝਾਯ ਰਿਚਰਡਸਨ ਅਤੇ ਸ਼ਾਈ ਹੋਪ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
