ਮੈਲਬੌਰਨ, 09 ਦਸੰਬਰ (ਹਿ.ਸ.)। ਅਲੀਸਾ ਹੇਲੀ ਨੂੰ ਸਾਰੇ ਫਾਰਮੈਟਾਂ ਵਿੱਚ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਫੁੱਲ-ਟਾਈਮ ਕਪਤਾਨ ਨਿਯੁਕਤ ਕੀਤਾ ਗਿਆ ਹੈ।ਹੇਲੀ, ਜਿਨ੍ਹਾਂ ਨੇ ਜੂਨ ਤੋਂ ਇੰਗਲੈਂਡ, ਆਇਰਲੈਂਡ ਅਤੇ ਵੈਸਟਇੰਡੀਜ਼ ਖਿਲਾਫ ਸੀਰੀਜ਼ ‘ਚ ਆਸਟ੍ਰੇਲੀਆ ਦੀ ਅਗਵਾਈ ਕੀਤੀ ਹੈੈ, ਹੁਣ ਮੇਗ ਲੈਨਿੰਗ ਦੀ ਜਗ੍ਹਾ ਲਵੇਗੀ, ਜਿਨ੍ਹਾਂ ਨੇ ਹਾਲ ਹੀ ‘ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ ਤਾਹਲੀਆ ਮੈਕਗ੍ਰਾਥ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਮੈਕਗ੍ਰਾ੍ ਨੇ ਹਾਲ ਹੀ ਵਿੱਚ ਐਡੀਲੇਡ ਸਟ੍ਰਾਈਕਰਜ਼ ਨੂੰ ਡਬਲਯੂਬੀਬੀਐੱਲ ਖਿਤਾਬ ਜਿਤਾਇਆ ਸੀ ਅਤੇ ਹਾਲ ਹੀ ਵਿੱਚ ਕਈ ਵਾਰ ਆਸਟ੍ਰੇਲੀਆ ਦੀ ਕਪਤਾਨੀ ਵੀ ਕੀਤੀ ਹੈ।
ਹੇਲੀ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, ਮੈਂ ਕਪਤਾਨ ਦੀ ਭੂਮਿਕਾ ਨੂੰ ਸਵੀਕਾਰ ਕਰਨ ਲਈ ਮਾਣ ਮਹਿਸੂਸ ਕਰ ਰਹੀ ਹਾਂ ਅਤੇ ਸਾਡੀ ਟੀਮ ਦੀ ਅਗਵਾਈ ਕਰਨ ਦੇ ਮੌਕੇ ਲਈ ਧੰਨਵਾਦੀ ਹਾਂ। ਮੈਂ ਸੱਚਮੁੱਚ ਪਿਛਲੇ ਕੁਝ ਮਹੀਨਿਆਂ ਵਿੱਚ ਖਿਡਾਰੀਆਂ ਦੇ ਸਮਰਥਨ ਦਾ ਆਨੰਦ ਮਾਣਿਆ ਹੈ। ਉਨ੍ਹਾਂ ਨੇ ਅੱਗੇ ਕਿਹਾ, ਮੇਰਾ ਦ੍ਰਿਸ਼ਟੀਕੋਣ ਪਹਿਲਾਂ ਵਾਂਗ ਹੀ ਰਹੇਗਾ, ਪਰ ਮੈਂ ਭੂਮਿਕਾ ‘ਤੇ ਆਪਣੀ ਛਾਪ ਛੱਡਾਂਗੀ ਅਤੇ ਇਹ ਯਕੀਨੀ ਬਣਾਵਾਂਗੀ ਕਿ ਇਸ ਸਮੂਹ ਨੇ ਜੋ ਸਫਲਤਾ ਪ੍ਰਾਪਤ ਕੀਤੀ ਹੈ, ਉਸ ਨੂੰ ਬਰਕਰਾਰ ਰੱਖਾਂ ਅਤੇ ਅਜਿਹਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੀ।
ਜ਼ਿਕਰਯੋਗ ਹੈ ਕਿ ਹੇਲੀ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਰੇਚਲ ਹੇਨਸ ਦੇ ਸੰਨਿਆਸ ਤੋਂ ਬਾਅਦ ਆਸਟ੍ਰੇਲੀਆ ਦਾ ਉਪ-ਕਪਤਾਨ ਬਣਾਇਆ ਗਿਆ ਸੀ, ਪਰ ਜਲਦੀ ਹੀ ਉਨ੍ਹਾਂ ਨੂੰ ਪਿਛਲੇ ਸਾਲ ਦਸੰਬਰ ਵਿੱਚ ਆਸਟ੍ਰੇਲੀਆ ਦੇ ਭਾਰਤ ਦੌਰੇ ਲਈ ਸਟੈਂਡ-ਇਨ ਕਪਤਾਨ ਨਿਯੁਕਤ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਟੀ-20 ਲੜੀ ਵਿੱਚ 4-1 ਨਾਲ ਜਿੱਤੀ। ਆਸਟ੍ਰੇਲੀਆ ਨੇ ਇਸ ਸਾਲ ਹੇਲੀ ਦੀ ਅਗਵਾਈ ਵਿੱਚ ਏਸ਼ੇਜ਼ ਨੂੰ ਬਰਕਰਾਰ ਰੱਖਿਆ ਅਤੇ ਉਨ੍ਹਾਂ ਦੀ ਅਗਲੀ ਅਸਾਈਨਮੈਂਟ ਇਸ ਮਹੀਨੇ ਭਾਰਤ ਵਿੱਚ ਹੋਵੇਗੀ ਜਿੱਥੇ ਆਸਟ੍ਰੇਲੀਆ ਨੂੰ ਇੱਕ ਬਹੁ-ਸਰੂਪ ਦੀ ਲੜੀ ਖੇਡਣੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
