ਫਤਹਿਗੜ੍ਹ ਸਾਹਿਬ, 26 ਦਸੰਬਰ (ਹਿ. ਸ.)। ਸ਼ਹੀਦੀ ਸਭਾ ਦੌਰਾਨ ਸੰਗਤ ਨੂੰ ਨਿਰਵਿਘਨ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਮੈਡੀਕਲ ਟੀਮਾਂ ਅਤੇ ਹੋਰ ਸਿਹਤ ਅਮਲੇ ਨੂੰ ਐਂਬੂਲੈਂਸ ਸਮੇਤ ਡਿਊਟੀਆਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਸਮੂਹ ਸਟਾਫ ਨਾਲ ਮੀਟਿੰਗ ਕਰਕੇ ਡਿਊਟੀਆਂ ਦਾ ਪਲਾਨ ਦਿੱਤਾ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਸਾਰੇ ਸਿਹਤ ਕਰਮੀਆਂ ਨੂੰ ਆਪੋ-ਆਪਣੀ ਡਿਊਟੀ ਸੇਵਾ ਭਾਵਨਾ ਨਾਲ ਨਿਭਾਉਣ ਲਈ ਹਦਾਇਤ ਕੀਤੀ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸੰਗਤਾਂ ਲਈ ਇਹਨਾ ਸਿਹਤ ਸਹੂਲਤਾਂ ਲਈ ਟੀਮ 24 ਘੰਟੇ ਤੈਨਾਤ ਰਹਿਣਗੀਆਂ ਅਤੇ ਹਰ ਇੱਕ ਕੈਂਪ ਲਈ ਤਿੰਨ-ਤਿੰਨ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਸਿਹਤ ਸੇਵਾਵਾਂ ਦੀ ਦੇਖ-ਰੇਖ ਕਰਨ ਲਈ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਭਾ ਦੌਰਾਨ ਵਿਭਾਗ ਵੱਲੋਂ 6 ਆਰਜ਼ੀ ਡਿਸਪੈਂਸਰੀਆਂ ਦਿਨ ਰਾਤ ਖੁੱਲ੍ਹੀਆਂ ਰਹਿਣਗੀਆ, ਜਿਨ੍ਹਾਂ ਨਾਲ ਇਕ ਇਕ ਐਂਬੂਲੈਂਸ ਵੀ ਸਥਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਸਬੰਧੀ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
