ਰਾੜਾ ਸਾਹਿਬ, 25 ਸਤੰਬਰ (ਹਿ. ਸ.)। ਬੇਸ਼ੱਕ ਪੰਜਾਬ ਸਰਕਾਰ ਹਰ ਰੋਜ ਨਸ਼ਿਆ ਨੂੰ ਬੰਦ ਕਰਨ ਲਈ ਵੱਡੀਆਂ ਵੱਡੀਆਂ ਡੀਂਗਾਂ ਮਾਰ ਰਹੀ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਵੀ ਲੋਕਾਂ ਨਾਲ ਮੀਟਿੰਗਾਂ ਕਰ ਕੇ ਨਸ਼ੇ ਦੇ ਤਸਕਰਾਂ ਨੂੰ ਫੜਨ ਲਈ ਕੇਵਲ ਖ਼ਾਨਾਪੂਰਤੀ ਹੀ ਕਰ ਰਹੀ ਹੈ ਪਰ ਹਲਕਾ ਪਾਇਲ ਵਿਚ ਨਸ਼ਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਚਿੱਟੇ ਦੇ ਇਸ ਘਾਤਕ ਨਸ਼ੇ ਨਾਲ ਮੌਤਾਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ।
ਇਸੇ ਭਿਆਨਕ ਦੌਰ ਵਿਚ ਸਥਾਨਕ ਕਸਬੇ ਦੇ ਰਹਿਣ ਵਾਲੇ 23 ਸਾਲਾਂ ਦੇ ਨੌਜਵਾਨ ਅਮਨਦੀਪ ਸ਼ਰਮਾ ਪੁੱਤਰ ਸੰਜੀਵ ਸ਼ਰਮਾ ਵਾਸੀ ਰਾੜਾ ਸਾਹਿਬ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੋ ਭੈਣਾਂ ਦਾ ਛੋਟਾ ਇਕੱਲਾ ਹੀ ਭਰਾ ਸੀ ਜਿਸ ਦੀ ਮੌਤ ਨਾਲ ਘਰ ਵਿੱਚ ਮਾਤਮ ਛਾ ਗਿਆ । ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਮੇਰੇ ਬੇਟੇ ਨੂੰ ਛੋਟੀ ਉਮਰ ਵਿੱਚ ਗ਼ਲਤ ਸੰਗਤ ਕਰਨ ਕਰਕੇ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ, ਜਿਸ ਨੂੰ ਅਸੀਂ ਕਈ ਵਾਰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਿਆ ਅਤੇ ਨਸ਼ੇ ਦੀ ਭੈੜੀ ਲਤ ਕਰਕੇ ਉਸ ਨੇ ਬੁਰੇ ਕੰਮਾਂ ਨੂੰ ਵੀ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ।
ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ
