ਇਸਲਾਮਾਬਾਦ, 25 ਸਤੰਬਰ (ਹਿ. ਸ.)। ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਇਮਰਾਨ ਰਿਆਜ਼ ਖਾਨ ਸਾਢੇ ਚਾਰ ਮਹੀਨਿਆਂ ਤੋਂ ਲਾਪਤਾ ਹੋਣ ਤੋਂ ਬਾਅਦ ਵਾਪਸ ਪਰਤ ਆਏ ਹਨ। ਇਸ ਸਾਲ 11 ਮਈ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਲਾਪਤਾ ਸਨ।
ਜਾਣਕਾਰੀ ਮੁਤਾਬਕ ਇਮਰਾਨ ਰਿਆਜ਼ ਖਾਨ ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਹਨ, ਜੋ ਵੱਖ-ਵੱਖ ਅਦਾਰਿਆਂ ਲਈ ਕੰਮ ਕਰ ਚੁੱਕੇ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਮੰਨੇ ਜਾਂਦੇ ਹਨ। ਇਮਰਾਨ ਖਾਨ ਦੀ ਸਰਕਾਰ ਡਿੱਗਣ ਤੋਂ ਬਾਅਦ ਰਿਆਜ਼ ਨੇ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਅਤੇ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਅਤੇ ਪਾਕਿਸਤਾਨ ਦੀ ਫੌਜ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 9 ਮਈ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ, ਰਿਆਜ਼ ਨੇ ਪਾਕਿਸਤਾਨੀ ਫੌਜ ਅਤੇ ਪਾਕਿਸਤਾਨੀ ਖੁਫੀਆ ਸੰਗਠਨ ਆਈਐਸਆਈ ਨੂੰ ਤਾਅਨੇ ਮਾਰੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ 11 ਮਈ ਦੀ ਰਾਤ ਨੂੰ ਸਿਆਲਕੋਟ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। 15 ਮਈ ਨੂੰ ਇੱਕ ਅਧਿਕਾਰੀ ਨੇ ਲਾਹੌਰ ਹਾਈ ਕੋਰਟ ਨੂੰ ਦੱਸਿਆ ਕਿ ਰਿਆਜ਼ ਨੂੰ ਹਲਫ਼ਨਾਮਾ ਲੈਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ, ਪਰ ਰਿਆਜ਼ ਲਾਪਤਾ ਸਨ। ਰਿਆਜ਼ ਖਾਨ ਦੇ ਪਿਤਾ ਨੇ 16 ਮਈ ਨੂੰ ਸਿਆਲਕੋਟ ਦੇ ਸਿਵਲ ਲਾਈਨ ਥਾਣੇ ’ਚ ਇਮਰਾਨ ਰਿਆਜ਼ ਖਾਨ ਦੇ ਅਗਵਾ ਦਾ ਮਾਮਲਾ ਦਰਜ ਕਰਵਾਇਆ ਸੀ।
ਸਾਢੇ ਚਾਰ ਮਹੀਨੇ ਲਾਪਤਾ ਰਹਿਣ ਤੋਂ ਬਾਅਦ ਉਨ੍ਹਾਂ ਦੇ ਅਚਾਨਕ ਵਾਪਸ ਆਉਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸਿਆਲਕੋਟ ਪੁਲਿਸ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਕਿ ਪੱਤਰਕਾਰ ਇਮਰਾਨ ਰਿਆਜ਼ ਖਾਨ ਨੂੰ ਟਰੇਸ ਕਰ ਲਿਆ ਗਿਆ ਹੈ। ਉਹ ਸੁਰੱਖਿਅਤ ਹਨ ਅਤੇ ਹੁਣ ਆਪਣੇ ਪਰਿਵਾਰ ਨਾਲ ਹੈ। ਪੰਜਾਬ ਦੇ ਇੰਸਪੈਕਟਰ ਜਨਰਲ ਉਸਮਾਨ ਅਨਵਰ ਅਤੇ ਸਿਆਲਕੋਟ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਹਸਨ ਇਕਬਾਲ ਨੇ ਪੁਸ਼ਟੀ ਕੀਤੀ ਹੈ ਕਿ ਇਮਰਾਨ ਹੁਣ ’ਘਰ ਵਿੱਚ ਸੁਰੱਖਿਅਤ ਹਨ। ਰਿਆਜ਼ ਖਾਨ ਦੇ ਵਕੀਲ ਮੀਆਂ ਅਲੀ ਅਸ਼ਫਾਕ ਨੇ ਵੀ ਸੋਸ਼ਲ ਮੀਡੀਆ ’ਤੇ ਰਿਆਜ਼ ਦੀ ਵਾਪਸੀ ਦੀ ਪੁਸ਼ਟੀ ਕੀਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
