ਅਬੋਹਰ, 10 ਦਸੰਬਰ (ਹਿ. ਸ.)। ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਬੀਤੇ ਦਿਨ ਆਪਣੇ ਹਲਕੇ ਦੇ ਪਿੰਡ ਰਹੂੜਿਆਂ ਵਾਲੀ ਵਿਖੇ ਜਨ ਸੁਣਵਾਈ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਨਾਂ ਨੇ ਪਿੰਡ ਤੇ ਵਿਕਾਸ ਲਈ 18 ਲੱਖ 15 ਹਜਾਰ ਰੁਪਏ ਦੀ ਗਰਾਂਟ ਵੀ ਦਿੱਤੀ।
ਇਸ ਮੌਕੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹੁਣ ਲੋਕਾਂ ਨੂੰ ਉਹਨਾਂ ਦੇ ਘਰਾਂ ਦੀਆਂ ਬਰੂਹਾਂ ਤੇ ਹੀ ਸਰਕਾਰੀ ਸਕੀਮਾਂ ਦਾ ਲਾਭ ਦੇਵੇਗੀ। ਉਹਨਾਂ ਦੱਸਿਆ ਕਿ ਇਸ ਤਹਿਤ ਲੋਕ ਘਰ ਬੈਠੇ ਹੀ 43 ਪ੍ਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਸਕਣਗੇ । ਇਸ ਲਈ ਵਿਅਕਤੀ ਨੂੰ 1076 ਨੰਬਰ ਤੇ ਕਾਲ ਕਰਕੇ ਲੈਣ ਵਾਲੀ ਸਰਕਾਰੀ ਸੇਵਾ ਸਬੰਧੀ ਜਾਣਕਾਰੀ ਦੇਣੀ ਹੋਵੇਗੀ। ਜਿਸ ਤੋਂ ਬਾਅਦ ਸਰਕਾਰੀ ਅਧਿਕਾਰੀ ਨਾਗਰਿਕ ਦੇ ਘਰ ਆਉਣਗੇ ਅਤੇ ਉਸਦਾ ਫੋਟੋ ਅਤੇ ਸਰਟੀਫਿਕੇਟ ਲੈ ਕੇ ਉਸਨੂੰ ਸਰਕਾਰੀ ਸਰਵਿਸ ਮੁਹਈਆ ਕਰਵਾਉਣਗੇ। ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਇਹ ਸੇਵਾਵਾਂ ਲੈਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਹੁਣ ਲੋਕਾਂ ਨੂੰ ਦਫਤਰਾਂ ਵਿੱਚ ਜਾਣ ਦੀ ਜਰੂਰਤ ਨਹੀਂ ਪਵੇਗੀ ਅਤੇ ਸਰਕਾਰ ਚੱਲ ਕੇ ਉਹਨਾਂ ਦੇ ਘਰ ਆਵੇਗੀ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
