ਕਾਠਮਾਂਡੂ, 10 ਦਸੰਬਰ (ਹਿ.ਸ.)। ਨੇਪਾਲ ਵਿੱਚ ਐਤਵਾਰ ਨੂੰ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ। ਜਹਾਜ਼ ਦੇ ਲੁਕਲਾ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਪਾਇਲਟ ਨੂੰ ਪਤਾ ਲੱਗਾ ਕਿ ਜਹਾਜ਼ ਦੀ ਖਿੜਕੀ ਦਾ ਸ਼ੀਸ਼ਾ ਗਾਇਬ ਹੈ। ਜਹਾਜ਼ ਦੇ ਅੰਦਰ ਅਤੇ ਰਨਵੇ ‘ਤੇ ਖਿੜਕੀ ਦੇ ਸ਼ੀਸ਼ੇ ਦੀ ਤਲਾਸ਼ੀ ਲਈ ਗਈ, ਪਰ ਉਹ ਕਿਤੇ ਨਹੀਂ ਮਿਲਿਆ। ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ੀਸ਼ਾ ਉਡਾਣ ਦੇ ਵਿਚਕਾਰ ਕਿਤੇ ਡਿੱਗ ਗਿਆ ਹੋਵੇਗਾ।
ਹਵਾਬਾਜ਼ੀ ਅਥਾਰਟੀ ਦੇ ਬੁਲਾਰੇ ਸੁਭਾਸ਼ ਝਾਅ ਨੇ ਦੱਸਿਆ ਕਿ ਕਾਠਮਾਂਡੂ ਤੋਂ ਅਨਾਜ ਅਤੇ ਕੁਝ ਯਾਤਰੀਆਂ ਨੂੰ ਲੈ ਕੇ ਤਾਰਾ ਏਅਰ ਦਾ ਜਹਾਜ਼ ਐਤਵਾਰ ਸਵੇਰੇ ਲੁਕਲਾ ਲਈ ਰਵਾਨਾ ਹੋਇਆ। ਜਦੋਂ ਇਹ ਜਹਾਜ਼ ਲੁਕਲਾ ਹਵਾਈ ਅੱਡੇ ‘ਤੇ ਉਤਰਿਆ ਤਾਂ ਪਾਇਲਟ ਅਤੇ ਜ਼ਮੀਨੀ ਸਟਾਫ ਜਹਾਜ਼ ਦੇ ਐਮਰਜੈਂਸੀ ਗੇਟ ਦੀ ਖਿੜਕੀ ਦੇ ਸ਼ੀਸ਼ੇ ਨੂੰ ਨਹੀਂ ਦੇਖਿਆ। ਬੁਲਾਰੇ ਝਾਅ ਨੇ ਦੱਸਿਆ ਕਿ 1126 ਕਿਲੋਗ੍ਰਾਮ ਸਮੱਗਰੀ ਨਾਲ ਉਸ ਜਹਾਜ਼ ਵਿਚ ਚਾਲਕ ਦਲ ਦੇ ਮੈਂਬਰ ਸਮੇਤ 5 ਲੋਕ ਸਫਰ ਕਰ ਰਹੇ ਸਨ। ਜਹਾਜ਼ ਦੀ ਖਿੜਕੀ ਦੇ ਸ਼ੀਸ਼ੇ ਨਾ ਮਿਲਣ ਤੋਂ ਬਾਅਦ ਪਾਇਲਟ ਅਤੇ ਗਰਾਊਂਡ ਸਟਾਫ ਦੇ ਹੋਸ਼ ਉੱਡ ਗਏ।
ਨੇਪਾਲ ਦੇ ਸੀਨੀਅਰ ਪਾਇਲਟ ਵਿਜੇ ਲਾਮਾ ਨੇ ਕਿਹਾ ਕਿ ਖਿੜਕੀ ਦਾ ਸ਼ੀਸ਼ਾ ਟੁੱਟ ਕੇ ਡਿੱਗਣ ਤੋਂ ਬਾਅਦ ਕੋਈ ਹਾਦਸਾ ਵਾਪਰ ਸਕਦਾ ਸੀ ਪਰ ਜਹਾਜ਼ ਲੁਕਲਾ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਿਆ ਅਤੇ ਚਾਲਕ ਦਲ ਦੇ ਮੈਂਬਰ ਸਮੇਤ ਕਿਸੇ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ। ਲੁਕਲਾ ਹਵਾਈ ਅੱਡੇ ‘ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਖਿੜਕੀ ਦਾ ਸ਼ੀਸ਼ਾ ਡਿੱਗਣ ਦੀ ਉਮੀਦ ਵਿਚ, ਰਨਵੇ ਤੋਂ ਟੈਕਸੀਵੇਅ ਅਤੇ ਪਾਰਕਿੰਗ ਸਥਾਨ ਤੱਕ ਸ਼ੀਸ਼ੇ ਦੀ ਭਾਲ ਕੀਤੀ ਗਈ, ਪਰ ਕਿਤੇ ਵੀ ਉਹ ਨਹੀਂ ਮਿਲਿਆ। ਫਿਲਹਾਲ ਜਹਾਜ਼ ਨੂੰ ਲੁਕਲਾ ਹਵਾਈ ਅੱਡੇ ‘ਤੇ ਹੀ ਰੋਕਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
