
ਲੁਧਿਆਣਾ, 06 ਦਸੰਬਰ (ਹਿ. ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਵਿਭਾਗ ਪੰਜਾਬ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ, ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮਨਾਇਆ ਗਿਆ। ਅੰਤਰਰਾਸ਼ਟਰੀ ਦਿਵਿਆਂਗ ਦਿਵਸ ਨੂੰ ਸਮਰਪਿਤ ਸਪਤਾਹ ਤਹਿਤ ਇਹ ਸਮਾਰੋਹ ਖੰਨਾ ਸ਼ਹਿਰ ਵਿਖੇ ਸੀਨੀਅਰ ਸਿਟੀਜਨ ਕੌਂਸਲ ਦੇ ਦਫਤਰ ਵਿਖੇ ਮਨਾਇਆ ਗਿਆ।
ਇਸ ਮੌਕੇ ਵਿਧਾਇਕ ਖੰਨਾ ਅਤੇ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ, ਪੰਜਾਬ ਵੱਲੋਂ 10 ਦਿਵਿਆਂਗਜਨਾਂ, ਜਿਨ੍ਹਾਂ ਵਿੱਚ ਨੂੰ ਬੈਟਰੀ ਨਾਲ ਚੱਲਣ ਵਾਲੇ ਮੋਟਰਰਾਈਜਡ ਟ੍ਰਾਈਸਾਈਕਲ ਵੰਡੇ ਗਏ। ਇਸ ਤੋਂ ਇਲਾਵਾ 2 ਵੀਹਲ ਚੇਅਰਾਂ ਅਤੇ 15 ਹੋਰ ਸਹਾਇਕ ਉਪਕਰਨ ਵੀ ਲੋੜਵੰਦ ਦਿਵਿਆਂਗਜਨ ਵਿਅਕਤੀਆਂ ਨੂੰ ਦਿੱਤੇ ਗਏ। ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਦਿਵਿਆਂਗਜਨਾ ਨੂੰ ਦਿੱਤੇ ਜਾਣ ਵਾਲੇ ਇਹ ਮੋਟਰਾਈਜਡ ਟ੍ਰਾਈਸਾਈਕਲ ਜੋ ਕਿ ਬੈਟਰੀ ਨਾਲ ਚੱਲਦੇ ਹਨ, ਇਹ ਸਾਰੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਧੀਨ ਵਿਭਾਗ ਦੁਆਰਾ ਅਲਿਮਕੋ ਕੰਪਨੀ ਰਾਹੀਂ ਮੁਹੱਈਆ ਕਰਵਾਏ ਗਏ ਹਨ। ਅਲਿਮਕੋ ਵੱਲੋਂ ਇਹ ਮੋਟਰਾਡੀਜਡ ਟ੍ਰਾਈਸਾਈਕਲ 80 ਫੀਸਦੀ ਜਾਂ ਉਸਤੋਂ ਵੱਧ ਦਿਵਿਆਂਗਤਾ ਵਾਲੇ ਉਹਨਾਂ ਦਿਵਿਆਂਗਜਨਾਂ ਨੂੰ ਦਿੱਤੇ ਜਾਂਦੇ ਹਨ ਜਿਹੜੇ ਕਿ ਤੁਰਨ-ਫਿਰਨ ਵਿੱਚ ਅਸਮਰੱਥ ਹੋਣ ਪ੍ਰੰਤੂ ਦਿਮਾਗੀ ਤੌਰ ‘ਤੇ ਉਹ ਇਹਨਾਂ ਬੈਟਰੀ ਵਾਲੇ ਸਾਈਕਲਾਂ ਨੂੰ ਚਲਾਉਣ ਲਈ ਕੁਸ਼ਲ ਅਤੇ ਸਮਰੱਥ ਹੋਣ ਭਾਵ ਕਿ ਉਨ੍ਹਾਂ ਨੂੰ ਸੜ੍ਹਕੀ ਜਾਂ ਆਵਾਜਾਈ ਦੇ ਨਿਯਮਾਂ ਦੀ ਜਾਣਕਾਰੀ ਹੋਵੇ।
ਮੁੱਖ ਮਹਿਮਾਨ ਨੇ ਦੱਸਿਆ ਕਿ 50 ਫੀਸਦੀ ਜਾਂ ਉਸ ਤੋਂ ਉਪਰ ਦਿਵਿਆਂਗਤਾਂ ਵਾਲੇ ਵਿਅਕਤੀਆਂ ਨੂੰ ਪੰਜਾਬ ਸਰਕਾਰ ਦੁਆਰਾ 1500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪੈਨਸ਼ਨ ਦੀ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਲੁਧਿਆਣਾ ਜ਼ਿਲ੍ਹੇ ਵਿੱਚ ਲੱਗਭਗ ਵੀਹ ਹਜਾਰ ਤੋਂ ਵੱਧ ਦਿਵਿਆਂਗਜਨ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਰਹੇ ਹਨ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨ ਵਿਦਿਆਰਥੀਆਂ ਨੂੰ ਹਾਜਰੀ ਵਜੀਫਾ ਸਕੀਮ ਦਾ ਲਾਭ ਵੀ ਦਿੱਤਾ ਜਾ ਰਿਹਾ ਹੈ।
ਸਰਕਾਰ ਵੱਲੋਂ ਪੁਰਾਣੇ ਜਾਰੀ ਹੋਏ ਦਿਵਿਆਂਗਤਾ ਦੇ ਸਰਟੀਫਿਕੇਟਾਂ ਨੂੰ ਡਿਜੀਟਾਈਜ ਕਰਾਉਣ ਅਤੇ ਨਵੇਂ ਯੂ.ਡੀ.ਆਈ.ਡੀ. ਕਾਰਡ ਬਣਾਉਣ ਦੀ ਸਕੀਮ ਵੀ ਪੂਰੇ ਜੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਹਾਜਰੀਨ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਜੇਕਰ ਕੋਈ ਵੀ ਦਿਵਿਆਂਗਜਨ ਪੰਜਾਬ ਸਰਕਾਰ ਦੀ ਕਿਸੇ ਵੀ ਸਕੀਮ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਏਰੀਏ ਦੇ ਨੇੜੇ ਦੇ ਸੇਵਾ ਕੇਂਦਰ ਜਾਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫਤਰ ਵਿੱਚ ਪਹੁੰਚ ਕਰ ਸਕਦਾ ਹੈ। ਇਸ ਤੋਂ ਇਲਾਵਾ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਵੀ ਦਿਵਿਆਂਗਜਨ ਆਨਲਾਈਨ ਇਟਰਨੈੱਟ ਦੇ ਮਾਧਿਅਮ ਰਾਹੀਂ www.swavlambhancard.gov.in ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸੀਨੀਅਰ ਸਿਟੀਜਨ ਕੌਂਸਲ ਖੰਨਾ, ਮਾਤਾ ਕੁਸ਼ੱਲਿਆ ਸੇਵਾ ਕੇਂਦਰ ਖੰਨਾ, ਖੱਤਰੀ ਚੇਤਨਾ ਮੰਚ ਖੰਨਾ, ਫਿਜੀਕਲ ਹੈਂਡੀਕੈਪ ਵੈਲਫੇਅਰ ਸੁਸਾਇਟੀ ਦੀ ਟੀਮ ਅਤੇ ਵਰਿੰਦਰ ਸਿੰਘ ਟਿਵਾਣਾ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
