ਚੰਡੀਗੜ੍ਹ, 22 ਅਪ੍ਰੈਲ । ਲੋਕ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਕਿਹੜੇ ਮੁੱਦਿਆਂ ’ਤੇ ਲੋਕਾਂ ਵਿੱਚ ਜਾਵੇਗਾ। ਪਾਰਟੀ ਇਸ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਰਣਨੀਤੀ ਬਣਾ ਰਹੀ ਹੈ। ਇਸੇ ਲੜੀ ’ਚ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਮੈਨੀਫੈਸਟੋ ਕਮੇਟੀ ਦੀ ਤੀਜੀ ਮੀਟਿੰਗ ਹੋਣ ਜਾ ਰਹੀ ਹੈ। ਅਕਾਲੀ ਦਲ ਦੀ ਕੋਸ਼ਿਸ਼ ਹੈ ਕਿ ਮੈਨੀਫੈਸਟੋ ਅਜਿਹਾ ਬਣਾਇਆ ਜਾਵੇ ਕਿ ਪਾਰਟੀ ਹਰ ਵਰਗ ਨੂੰ ਆਪਣੇ ਨਾਲ ਜੋੜਨ ’ਚ ਸਫਲ ਰਹੇ। ਇਸ ਵਿਚ ਨੌਜਵਾਨਾਂ ‘ਤੇ ਧਿਆਨ ਰਹੇ। ਵਿਕਾਸ ਦੀ ਦ੍ਰਿਸ਼ਟੀ ਵੀ ਦਿਖਾਈ ਦੇਵੇ। ਨਾਲ ਹੀ ਪੰਜਾਬ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਉਠਾਇਆ ਜਾਵੇ। ਕਮੇਟੀ ਮੈਂਬਰ ਇਸ ਗੱਲ ਦਾ ਸੰਕੇਤ ਦੇ ਚੁੱਕੇ ਹਨ।
ਪਿਛਲੀ ਮੀਟਿੰਗ ’ਚ ਕਮੇਟੀ ਦੇ ਮੈਂਬਰਾਂ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੇ ਹਰ ਮੁੱਦੇ ਨੂੰ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਵਿੱਚ ਕਿਸਾਨੀ, ਪਾਣੀ, ਪੰਜਾਬ ਦੀਆਂ ਸਰਹੱਦਾਂ ਤੋਂ ਪਾਕਿਸਤਾਨ ਤੇ ਹੋਰ ਮੁਲਕਾਂ ਤੱਕ ਵਪਾਰ, ਚੰਡੀਗੜ੍ਹ ’ਤੇ ਪੰਜਾਬ ਦਾ ਕੰਟਰੋਲ ਅਤੇ ਚੰਡੀਗੜ੍ਹ ਵਿੱਚ ਮੁਲਾਜ਼ਮਾਂ ਦੀ ਗੈਰ-ਅਨੁਪਾਤਕ ਤਾਇਨਾਤੀ ਵਰਗੇ ਮੁੱਦੇ ਸ਼ਾਮਲ ਹੋਣਗੇ।
