ਦਸੂਹਾ/ਹੁਸ਼ਿਆਰਪੁਰ, 31 ਜਨਵਰੀ। ਦਸੂਹਾ ਦੇ ਪਿੰਡ ਬੰਗਾਲੀਪੁਰ ਵਿਖੇ ਨਵੇਂ ਬਣੇ ਖੇਡ ਪਾਰਕ, ਵਾਲੀਬਾਲ ਮੈਦਾਨ ਅਤੇ ਓਪਨ ਜਿੰਮ ਦਾ ਉਦਘਾਟਨ ਵਿਧਾਇਕ ਕਰਮਬੀਰ ਸਿੰਘ ਘੁੰਮਣ ਵੱਲੋਂ ਸਮੂਹ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਕੀਤਾ ਗਿਆ। ਇਸ ਮੌਕੇ ਵਿਧਾਇਕ ਘੁੰਮਣ ਨੇ ਕਿਹਾ ਕਿ ਇਸ ਖੇਡ ਮੈਦਾਨ ‘ਤੇ ਕਰੀਬ 8 ਲੱਖ ਖ਼ਰਚ ਕੀਤਾ ਗਿਆ ਹੈ। ਇਸ ਵਿਚ ਵਾਲੀਬਾਲ ਦਾ ਖੇਡ ਮੈਦਾਨ, ਸੈਰ ਕਰਨ ਨੂੰ ਪਾਰਕ ਟਰੈਕ ਅਤੇ ਬੱਚਿਆਂ ਵਾਸਤੇ ਝੂਲੇ, ਨੌਜਵਾਨਾਂ ਵਾਸਤੇ ਓਪਨ ਜਿੰਮ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਦਸੂਹਾ ਹਲਕੇ ਵਿਚ ਇਹ ਪੰਜਵਾਂ ਖੇਡ ਪਾਰਕ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਪਾਰਕ ਵੀ ਤਿਆਰ ਹੋ ਰਹੇ ਹਨ, ਜੋ ਜਲਦ ਹੀ ਲੋਕਾਂ ਦੇ ਸਪੁਰਦ ਕਰ ਦਿੱਤੇ ਜਾਣਗੇ ਤਾਂ ਜੋ ਇਨ੍ਹਾਂ ਖੇਡ ਮੈਦਾਨਾਂ ’ਚ ਖੇਡਣ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ। ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਹਿਲੀ ਵਾਰ ਕੋਈ ਸਰਕਾਰ ਗਲੀਆਂ-ਨਾਲ਼ੀਆਂ ਤੋਂ ਹੱਟ ਕੇ ਕੰਮ ਕਰ ਰਹੀ ਹੈ ਅਤੇ ਇਸ ਪਾਰਕ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ।
