ਲੁਧਿਆਣਾ, 15 ਮਾਰਚ । ਵਿਸ਼ਵ ਸਿੱਖ ਵਾਤਾਵਰਨ ਦਿਵਸ ਦੇ ਮੌਕੇ ‘ਤੇ ਸੰਸਦ ਮੈਂਬਰ (ਰਾਜ ਸਭਾ) ਸੰਤ ਬਲਬੀਰ ਸਿੰਘ ਸੀਚੇਵਾਲ, ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਅਤੇ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਜੋ ‘ਬੁੱਢਾ ਦਰਿਆ’ ਦੀ ਸਫ਼ਾਈ ਲਈ ਬਣੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਵੀਰਵਾਰ ਨੂੰ ਜਮਾਲਪੁਰ ਐਸ.ਟੀ.ਪੀ ਸਾਈਟ ਨੇੜੇ ‘ਬੁੱਢਾ ਦਰਿਆ’ ਦੇ ਕੰਢੇ ਵੱਖ-ਵੱਖ ਕਿਸਮਾਂ ਦੇ 1100 ਬੂਟੇ ਲਗਾਏ।
ਇਸ ਮੌਕੇ ਗੱਲਬਾਤ ਕਰਦਿਆਂ ਅਰੋੜਾ ਨੇ ਸੰਤ ਸੀਚੇਵਾਲ ਵੱਲੋਂ ‘ਬੁੱਢਾ ਦਰਿਆ’ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਨੇ ਕਰੀਬ 160 ਕਿਲੋਮੀਟਰ ਲੰਬੀ ਕਾਲੀ ਵੇਈਂ ਦੀ ਸਫ਼ਾਈ ਕਰਕੇ ਵਿਸ਼ਵ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇੱਕ ਦਿਨ ਅਜਿਹਾ ਆਵੇਗਾ ਜਦੋਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ‘ਬੁੱਢਾ ਦਰਿਆ’ ਵੀ ਕਾਲੀ ਵੇਈ ਵਾਂਗ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ।
ਇਸ ਤੋਂ ਇਲਾਵਾ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਤ ਸੀਚੇਵਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਉਹ ਸੰਤ ਸੀਚੇਵਾਲ ਵੱਲੋਂ ਮੌਕੇ ’ਤੇ ਲਏ ਗਏ ਪਾਣੀ ਦੇ ਸੈਂਪਲ ਦਾ ਹਵਾਲਾ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਟੋਟਲ ਡਿਸੋਲਵਡ ਸੋਲਿਡ (ਟੀਡੀਐਸ) ਪੱਧਰ ਦੀ ਰੀਡਿੰਗ 158 ਹੈ ਜੋ ਤਸੱਲੀਬਖਸ਼ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ‘ਬੁੱਢਾ ਦਰਿਆ’ ਨੂੰ ਸਾਫ਼ ਕਰਨ ਦੇ ਯਤਨ ਭਵਿੱਖ ਵਿੱਚ ਟੀਡੀਐਸ ਪੱਧਰ ਨੂੰ ਹੋਰ ਵੀ ਘੱਟ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸੂਬੇ ਭਰ ਦੀਆਂ ਵਾਟਰ ਬਾਡੀਜ਼ ਦੀ ਸਫਾਈ ਲਈ ਵਚਨਬੱਧ ਹਨ।
ਅਰੋੜਾ ਨੇ ਸੰਤ ਸੀਚੇਵਾਲ ਵੱਲੋਂ ‘ਬੁੱਢਾ ਦਰਿਆ’ ਦੇ ਕੰਢੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਲਈ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਥਾਨਕ ਨਿਵਾਸੀ ਵੀ ਆਪਣਾ ਸਹਿਯੋਗ ਦੇਣ ਲਈ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਸਥਾਨਕ ਨਿਵਾਸੀਆਂ ਨੇ ਸੰਤ ਸੀਚੇਵਾਲ ਨਾਲ ਵਾਅਦਾ ਕੀਤਾ ਹੈ ਕਿ ਉਹ ਇੱਕ ਸਾਲ ਵਿੱਚ ‘ਬੁੱਢਾ ਦਰਿਆ’ ਦੇ ਨਾਲ 1.25 ਲੱਖ ਬੂਟੇ ਲਗਾਉਣਗੇ। ਉਨ੍ਹਾਂ ਕਿਹਾ ਕਿ ਉਹ ਸੰਤ ਸੀਚੇਵਾਲ ਦੇ ਇਸ ਨੇਕ ਅਤੇ ਲੋਕ ਭਲਾਈ ਦੇ ਕੰਮ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਹਮੇਸ਼ਾ ਤਿਆਰ ਹਨ। ਉਨ੍ਹਾਂ ਵਾਤਾਵਰਨ ਅਤੇ ਮਨੁੱਖੀ ਸਿਹਤ ਨੂੰ ਬਚਾਉਣ ਲਈ ਰੁੱਖਾਂ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਦੱਸਿਆ।
