ਜ਼ੀਰਕਪੁਰ, ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਪਹਿਲਾਂ ਹੀ ਲੋਕਾਂ ਦਾ ਝੁਕਾਅ ਭਾਜਪਾ ਵੱਲ ਵਧਦਾ ਜਾ ਰਿਹਾ ਹੈ। ਵੀਰਵਾਰ ਨੂੰ ਡੇਰਾਬੱਸੀ ਭਾਜਪਾ ਦੇ ਆਗੂ ਅਤੇ ਸੂਬਾ ਸਕੱਤਰ ਸੰਜੀਵ ਖੰਨਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨਾਲ ਸਬੰਧਤ ਜ਼ੀਰਕਪੁਰ ਦੇ ਮਹੱਤਵਪੂਰਨ ਵਿਅਕਤੀ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਗਈ, ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਵੀ ਮੌਜੂਦ ਸਨ। ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਗੋਵਿੰਦ ਵਿਹਾਰ ਆਰ.ਡਬਲਯੂ.ਏ ਬਲਟਾਣਾ ਦੇ ਪ੍ਰਧਾਨ ਅਤੇ ਫਰਨੀਚਰ ਮਾਰਕੀਟ ਬਲਟਾਣਾ ਦੇ ਸਾਬਕਾ ਪ੍ਰਧਾਨ ਪ੍ਰਵੀਨ ਮਿੱਤਲ, ਗੋਵਿੰਦ ਵਿਹਾਰ ਸੁਸਾਇਟੀ ਦੇ ਜਨਰਲ ਸਕੱਤਰ ਅਤੇ ਮੰਦਰ ਕਮੇਟੀ ਦੀ ਪ੍ਰਧਾਨ ਸੁਨੀਲ ਸ਼ਰਮਾ, ਪਿਛਲੇ 25 ਸਾਲਾਂ ਤੋਂ ਸਮਾਜ ਸੇਵੀ ਅਤੇ ਗੋਵਿੰਦ ਵਿਹਾਰ ਸੁਸਾਇਟੀ ਦੀ ਖਜਾਨਚੀ ਮੀਨਾ ਸਚਦੇਵਾ, ਨਾਰੀ ਨਿਕੇਤਨ ਸੰਗਠਨ ਦੀ ਪ੍ਰਧਾਨ ਸੁਮਨ ਰਾਣਾ, ਅਨੀਤਾ ਸਚਦੇਵਾ ਅਤੇ ਅੰਜਨਾ ਰਾਜਪੂਤ ਨੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲਈ।
ਪਾਰਟੀ ‘ਚ ਸ਼ਾਮਲ ਹੋਣ ‘ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਜਪਾ ਪਰਿਵਾਰ ‘ਚ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ। ਇਸ ਮੌਕੇ ਸੰਜੀਵ ਖੰਨਾ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤੱਕ ਵਿਕਸਤ ਭਾਰਤ ਬਣਾਉਣ ਦੇ ਸੰਕਲਪ ਨੂੰ ਪੂਰਾ ਕਰਨ ਅਤੇ ਪਟਿਆਲਾ ਸੰਸਦੀ ਹਲਕੇ ਕਮਲ ਦਾ ਫੁੱਲ ਖਿਡਾਉਣ ਦੇ ਸੰਕਲਪ ਨਾਲ ਹਰ ਕੋਈ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਹੈ ਅਤੇ ਇਸ ਮੁਹਿੰਮ ਨੂੰ ਸਮੇਂ ਦੇ ਨਾਲ ਹੋਰ ਤੇਜ਼ ਕੀਤਾ ਜਾਵੇਗਾ। ਸੰਜੀਵ ਖੰਨਾ ਨੇ ਕਿਹਾ ਕਿ ਕਾਂਗਰਸ ਇੱਕ ਡੁੱਬਦਾ ਜਹਾਜ਼ ਹੈ ਅਤੇ ਲੋਕ ਲਗਾਤਾਰ ਇਸ ਜਹਾਜ ਤੋਂ ਛਾਲਾਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਕਾਂਗਰਸ ‘ਤੇ ਪਰਿਵਾਰਵਾਦ ਪੂਰੀ ਤਰ੍ਹਾਂ ਹਾਵੀ ਹੋ ਚੁੱਕਾ ਹੈ। ਇਸ ਮੌਕੇ ਸੰਜੀਵ ਵਸ਼ਿਸ਼ਟ ਅਤੇ ਸੁਧੀਰ ਕਾਂटीਵਾਲ ਵੀ ਹਾਜ਼ਰ ਸਨ।
