ਜਲੰਧਰ, 31 ਜਨਵਰੀ : ਪ੍ਰੋ. ਅਤਿਮਾ ਸ਼ਰਮਾ ਦਿਵੇਦੀ, ਪ੍ਰਿੰਸੀਪਲ, ਕੰਨਿਆ ਮਹਾਂ ਵਿਦਿਆਲਾ (ਆਟੋਨੋਮਸ), ਜਲੰਧਰ ਨੂੰ 75ਵੇਂ ਗਣਤੰਤਰ ਦਿਵਸ ਸਮਾਰੋਹ ਮੌਕੇ ਬੇਮਿਸਾਲ ਵਿਦਿਅਕ ਮਾਹੌਲ ਸਿਰਜਣ ਲਈ ਸਨਮਾਨਿਤ ਕੀਤਾ ਗਿਆ। ਆਪਣੀ ਦੂਰਦਰਸ਼ੀ ਅਗਵਾਈ ਦੇ ਨਾਲ, ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਹਮੇਸ਼ਾ ਹੀ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਮੋਹਰੀ ਰਹੇ ਹਨ ਅਤੇ ਔਰਤਾਂ ਦੀ ਸਿੱਖਿਆ, ਸਮਾਜਿਕ ਅਤੇ ਵਾਤਾਵਰਣ ਸੰਬੰਧੀ ਮੁੱਦਿਆਂ ਪ੍ਰਤੀ ਉਨਾਂ ਦੀ ਸਕਾਰਾਤਮਕ ਸੋਚ ਦੇ ਆਧਾਰ ‘ਤੇ ਕੰਨਿਆ ਮਹਾਂ ਵਿਦਿਆਲਾ ਨੇ ਸਮਾਜ ਭਲਾਈ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਪ੍ਰੋ. ਅਤਿਮਾ ਨੇ ਕਾਲਜ ਦੀ ਫੈਕਲਟੀ ਅਤੇ ਵਿਦਿਆਰਥਣਾਂ ਨੂੰ ਜਲੰਧਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਪ੍ਰਦਾਨ ਕਰਨ ਅਤੇ ਸਥਾਈ ਢੰਗ ਨਾਲ ਕਚਰਾ ਪ੍ਰਬੰਧਨ ਲਈ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕਰਨ ਲਈ ਵੀ ਪ੍ਰੇਰਿਤ ਕੀਤਾ। ਇਹ ਉਹਨਾਂ ਦੀ ਗਤੀਸ਼ੀਲ ਅਗਵਾਈ ਹੀ ਹੈ ਜਿਸ ਤਹਿਤ ਕੇ.ਐਮ.ਵੀ. ਦੁਆਰਾ ‘ਸਟੈਚੂ ਆਫ ਸਸਟੇਨੇਬਿਲਟੀ ਐਂਡ ਇੰਪਾਵਰਮੈਂਟ’ ਦੇ ਨਿਰਮਾਣ ਸਮੇਤ ਸਮਾਜਿਕ ਅਤੇ ਵਾਤਾਵਰਣ ਦੀ ਉੱਨਤੀ ਲਈ ਕਈ ਪ੍ਰੋਜੈਕਟ ਸਫਲਤਾਪੂਰਵਕ ਸ਼ੁਰੂ ਕੀਤੇ ਗਏ ਹਨ।
ਸਮਾਜ ਭਲਾਈ ਦੀ ਜੀਵੰਤ ਮਿਸਾਲ ਪ੍ਰੋ. ਅਤਿਮਾ ਨੇ ਕਿਹਾ ਕਿ ਉਹਨਾਂ ਦਾ ਦ੍ਰਿਸ਼ਟੀਕੋਣ ਉਨ੍ਹਾਂ ਔਰਤਾਂ ਨੂੰ ਉਤਸ਼ਾਹਿਤ ਕਰਨਾ ਹੈ ਜੋ ਇੱਕ ਵਿਕਸਤ ਅਤੇ ਵਾਤਾਵਰਣੀ ਤੌਰ ‘ਤੇ ਸਿਹਤਮੰਦ ਸਮਾਜ ਲਈ ਚੇਤੰਨ ਹਨ ਅਤੇ ਉਹਨਾਂ ਅਨੁਸਾਰ ਸਿੱਖਿਆ ਦਾ ਅਸਲ ਉਦੇਸ਼ ਵੀ ਇਹ ਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇ.ਐਮ.ਵੀ. ਵੱਲੋਂ ਨਗਰ ਨਿਗਮ ਨਾਲ ਮਿਲ ਕੇ ਕਈ ਤਰ੍ਹਾਂ ਦੇ ਸਹਿਯੋਗੀ ਉਪਰਾਲੇ ਕੀਤੇ ਹਨ ਅਤੇ ਭਵਿੱਖ ਵਿੱਚ ਵੀ ਇਹ ਨੇਕ ਕਾਰਜ ਇਸੇ ਤਰਾਂ ਜਾਰੀ ਰੱਖੇ ਜਾਣਗੇ। ਸਰਵਪੱਖੀ ਅਤੇ ਲੋਕ ਭਲਾਈ ‘ਤੇ ਅਧਾਰਿਤ ਗਤੀਵਿਧੀਆਂ ਰਾਹੀਂ ਪ੍ਰੋ. ਅਤਿਮਾ ਨੇ ਕਮਿਊਨਿਟੀ ਸੇਵਾਵਾਂ ਖਾਸ ਤੌਰ ‘ਤੇ ਜੰਗੀ ਵਿਧਵਾਵਾਂ, ਫੌਜੀ ਪਰਿਵਾਰਾਂ ਅਤੇ ਭਾਰਤ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵਿਕਾਸ ਕਾਰਜਾਂ ਲਈ ਵੀ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਦੀ ਯੋਗ ਅਗਵਾਈ ਹੇਠ ਕੇ.ਐਮ.ਵੀ.ਦੇ ਵਿਮੈਨ ਇੰਪਾਵਰਮੈਂਟ ਸੈਲ ਵੱਲੋਂ ਪਿਛਲੇ ਕੁਝ ਸਾਲਾਂ ਵਿੱਚ ਸਮਾਜ ਦੇ ਪਿਛੜੇ ਵਰਗਾਂ ਦੀਆਂ 4000 ਤੋਂ ਵੱਧ ਔਰਤਾਂ ਨੂੰ ਹੁਨਰ ਅਤੇ ਮਾਰਗਦਰਸ਼ਨ ਪ੍ਰਦਾਨ ਕਰਕੇ ਸਸ਼ਕਤੀਕਰਨ ਕੀਤਾ ਜਾ ਚੁੱਕਾ ਹੈ ਹੈ। ਇਸ ਵਿਸ਼ੇਸ਼ ਪ੍ਰਾਪਤੀ ‘ਤੇ ਪ੍ਰੋ.ਅਤਿਮਾ ਸ਼ਰਮਾ ਦਿਵੇਦੀ ਨੂੰ ਮੈਨੇਜਮੈਂਟ, ਫੈਕਲਟੀ ਅਤੇ ਵਿਦਿਆਰਥੀਆਂ ਨੇ ਹਾਰਦਿਕ ‘ਤੇ ਵਧਾਈ ਦਿੱਤੀ।
