ਲੁਧਿਆਣਾ, 01 ਅਕਤੂਬਰ। ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੋਸਾਇਟੀ, ਪੰਜਾਬ ਵਲੋਂ ਸਥਾਨਕ ਲਕਸ਼ਮੀ ਨਾਰਾਇਣ ਮੰਦਿਰ, ਭਾਈ ਰਣਧੀਰ ਸਿੰਘ ਨਗਰ ਵਿਖੇ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 186ਵਾਂ ਜਨਮ ਉਤਸਵ ਮਨਾਇਆ ਗਿਆ, ਜਿੱਥੇ ਪੰਜਾਬ ਸਰਕਾਰ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤੀ ਕੀਤੀ ਗਈ। ਇਸ ਮੌਕੇ ਉਨ੍ਹਾ ਦੇ ਨਾਲ ਵਿਧਾਇਕ ਦਲਜੀਤ ਸਿੰਘ ਗਰੇਵਾਲ, ਅਸ਼ੋਕ ਪਰਾਸ਼ਰ ਪੱਪੀ, ਆਪ ਨੇਤਾ ਸਰਤਾਜ ਸਿੱਧੂ ਤੋਂ ਇਲਾਵਾ ਉੱਘੀਆਂ ਸਖ਼ਸ਼ੀਅਤਾਂ ਵੀ ਮੌਜੂਦ ਸਨ।
ਸਮਾਗਮ ਦਾ ਆਯੋਜਨ ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈੱਲਫੇਅਰ ਸੁਸਾਇਟੀ, ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਸਤੀਸ਼ ਮਲਹੋਤਰਾ, ਪ੍ਰਧਾਨ ਸੁਸਾਇਟੀ ਪੰਜਾਬ ਪੁਰੀਸ਼ ਸਿੰਗਲਾ, ਕਨਵੀਨਰ ਸੁਸਾਇਟੀ ਨਵਦੀਪ ਵਰਮਾ ਨਵੀ, ਸੁਨੀਲ ਮੈਣੀ ਜਨਰਲ ਸਕੱਤਰ ਵਾਈਸ ਪ੍ਰਧਾਨ, ਅਸ਼ੋਕ ਮੱਕੜ, ਮਲਕੀਤ ਸਿੰਘ ਦਾਖਾ, ਰਜਿੰਦਰ ਬਸੰਤ, ਡਾ. ਬਲਵੀਰ ਸਿੰਘ ਸ਼ਾਹ, ਵਰਿੰਦਰ ਅਗਰਵਾਲ, ਅਵਿਨਾਸ਼ ਗੁਪਤਾ, ਚੈਰੀ ਆਹਲੂਵਾਲੀਆ, ਮਨਮੋਹਣ ਕੌੜਾ, ਪਰਮਿੰਦਰ ਗਰੇਵਾਲ, ਪਵਨ ਗਰਗ ਵੱਲੋਂ ਕੀਤਾ ਗਿਆ।
ਕੈਬਨਿਟ ਮੰਤਰੀ ਬ੍ਰਹਮ ਸੰਕਰ ਜਿੰਪਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਉਸ ਮਹਾਨ ਸਖ਼ਸ਼ੀਅਤ ਦੇ 186ਵੇਂ ਜਨਮ ਦਿਵਸ ਮੌਕੇ ਇਕੱਤਰ ਹੋਏ ਹਾਂ ਜਿਨ੍ਹਾਂ ‘ਓਮ ਜੈ ਜਗਦੀਸ਼ ਹਰੇ’ ਆਰਤੀ ਦੀ ਰਚਨਾ ਕਰਕੇ ਸਾਨੂੰ ਪ੍ਰਮਾਤਮਾ ਦੀ ਭਗਤੀ ਦਾ ਰਸਤਾ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਆਰਤੀ ਦੀ ਵਿਸ਼ਵ ਭਰ ਵਿੱਚ ਵੰਦਨਾ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਲਿਖਿਆ ਨਾਵਲ ‘ਭਾਗਿਆਵਤੀ’ ਓਸ ਸਮੇਂ ਬੇਟੀ ਨੂੰ ਵਿਆਹ ਸਮੇਂ ਦਾਜ ਵਿੱਚ ਦਿੱਤਾ ਜਾਂਦਾ ਸੀ ਜੋ ਸਾਡੀਆਂ ਧੀਆਂ ਨੂੰ ਸਹੁਰੇ ਘਰ ਵਿੱਚ ਮਰਿਆਦਾ ਨਾਲ ਰਹਿਣ ਦੇ ਸੰਸਕਾਰ ਦਿੰਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਪੁਸਤਕ ‘ਬਾਤਚੀਤ’ ਵੀ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਗੁਣਾਂ ਨਾਲ ਭਰਪੂਰ ਜਾਣਕਾਰੀ ਦੇਣ ਵਾਲੀ ਸੀ। ਕੈਬਨਿਟ ਮੰਤਰੀ ਜਿੰਪਾ ਵਲੋਂ, ਚੇਅਰਮੈਨ ਬਾਵਾ ਵੱਲੋਂ ਰੱਖੀਆਂ ਮੰਗਾਂ ਪ੍ਰਵਾਨ ਕੀਤੀਆਂ ਅਤੇ ਪੰਡਿਤ ਜੀ ਦੇ ਜੀਵਨ ਸਬੰਧੀ 1 ਲੱਖ ਪੁਸਤਕ ਛਪਵਾ ਕੇ ਵੰਡਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਪਾਠ ਪੁਸਤਕਾਂ ਵਿਚ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜੀਵਨ ਸ਼ਾਮਲ ਕਰਾਂਗੇ।
