ਪਟਿਆਲਾ, 23 ਅਪ੍ਰੈਲ । ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਜੌਨੀ ਕੋਹਲੀ ਅਤੇ ਸਾਬਕਾ ਕੌਂਸਲਰ ਰਮਨਪ੍ਰੀਤ ਕੌਰ ਕੋਹਲੀ ਨੇ ਕਿਹਾ ਹੈ ਕਿ ਪਟਿਆਲਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਵੱਡੇ ਫਰਕ ਨਾਲ ਜਿੱਤਣਗੇ ਤੇ ਇਥੇ ਅਕਾਲੀ ਦਲ ਦਾ ਪਰਚਮ ਲਹਿਰਾਏਗਾ। ਆਪਣੀ ਰਿਹਾਇਸ਼ ’ਤੇ ਸਮਰਥਕਾਂ ਸਮੇਤ ਐਨ ਕੇ ਸ਼ਰਮਾ ਦਾ ਸਨਮਾਨ ਕਰਨ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜੌਨੀ ਕੋਹਲੀ ਨੇ ਕਿਹਾ ਕਿ ਐਨ ਕੇ ਸ਼ਰਮਾ ਇਕ ਸਾਫ ਸੁਥਰੇ ਅਕਸ ਵਾਲੇ ਨਿਮਰਤਾ ਤੇ ਸਾਦਗੀ ਨਾਲ ਭਰਪੂਰ ਆਗੂ ਹਨ ਜਿਹਨਾਂ ਵੱਲੋਂ ਪਹਿਲਾਂ ਜ਼ੀਰਕਪੁਰ ਨਗਰ ਕੌਂਸਲ ਦੇ ਦੋ ਵਾਰ ਪ੍ਰਧਾਨ, ਮੁਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਦੋ ਵਾਰ ਹਲਕਾ ਡੇਰਾਬੱਸੀ ਤੋਂ ਐਮ ਐਲ ਏ ਬਣ ਕੇ ਕਰਵਾਏ ਰਿਕਾਰਡ ਕੰਮ ਬੋਲਦੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਐਨ ਕੇ ਸ਼ਰਮਾ ਦੀ ਕਾਰਗੁਜ਼ਾਰੀ ਵੇਖੀ ਹੈ ਤੇ ਉਹ ਜਾਣਦੇ ਹਨ ਕਿ ਉਹ ਦੂਰਅੰਦੇਸ਼ੀ ਸੋਚ ਦੇ ਮਾਲਕ ਆਗੂ ਹਨ।
ਉਹਨਾਂ ਕਿਹਾ ਕਿ ਇਸ ਵੇਲੇ ਲੋਕਾਂ ਦਾ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਲੋਕ ਮੁੜ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ ਜਦੋਂ ਪਟਿਆਲਾ ਦਾ ਵੀ ਰਿਕਾਰਡ ਵਿਕਾਸ ਹੋਇਆ ਸੀ। ਉਹਨਾਂ ਕਿਹਾ ਕਿ ਹੁਣ ਇਸ ਵਾਰ ਲੋਕ ਸਭਾ ਚੋਣਾਂ ਵਿਚ ਜਿੱਤ ਮਗਰੋਂ 2027 ਵਿਚ ਫਿਰ ਤੋਂ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਸਥਾਪਿਤ ਹੋਵੇਗੀ ਤੇ ਕਾਂਗਰਸ ਤੇ ਆਪ ਵੱਲੋਂ ਕੀਤੇ ਬੇੜੇ ਗਰਕ ਤੋਂ ਬਾਅਦ ਫਿਰ ਤੋਂ ਵਿਕਾਸ, ਤਰੱਕੀ ਤੇ ਖੁਸ਼ਹਾਲੀ ਦੀ ਲੀਹ ’ਤੇ ਪੰਜਾਬ ਪਵੇਗਾ।
