

ਖੰਨਾ, 01 ਅਕਤੂਬਰ। ਐੱਸ. ਐੱਸ. ਪੀ. ਖੰਨਾ ਅਮਨੀਤ ਕੌਂਡਲ ਆਈ. ਪੀ. ਐੱਸ. ਦੇ ਨਿਰਦੇਸ਼ਾਂ ’ਤੇ ਖੰਨਾ ਪੁਲਿਸ ਵਲੋਂ ਜਿਲ੍ਹੇ ਅਧੀਨ ਆਉਂਦੇ ਰੇਲਵੇ ਸਟੇਸ਼ਨ ਖੰਨਾ, ਚਾਵਾ, ਦੋਰਾਹਾ ਅਤੇ ਸਮਰਾਲਾ ਵਿਖੇ ਤਿੱਖਾ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਮੌਕੇ ਐੱਸ. ਐਚ. ਓਜ਼ ਸਿਟੀ-1 ਖੰਨਾ, ਸਦਰ, ਦੋਰਾਹਾ ਅਤੇ ਸਮਰਾਲਾ ਦੀ ਅਗਵਾਈ ’ਚ ਵੱਖ-ਵੱਖ ਪੁਲਿਸ ਪਾਰਟੀਆਂ ਵਲੋਂ ਸਮਾਜ ਵਿਰੋਧੀ ਅਨਸਰਾਂ ਦੀ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਰੇਲਵੇ ਸਟੇਸ਼ਨ ਖੰਨਾ, ਚਾਵਾ, ਦੋਰਾਹਾ ਅਤੇ ਸਮਰਾਲਾ ਵਿਖੇ ਤਲਾਸ਼ੀ ਲਈ ਗਈ। ਇਸ ਦੌਰਾਨ ਪੁਲਿਸ ਵਲੋਂ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਵੀ ਕੀਤੀ ਗਈ ਅਤੇ ਪੁਲਿਸ ਨੇ ਕਈਆਂ ਪਾਸੋਂ ਸ਼ੱਕ ਦੇ ਅਧਾਰ ’ਤੇ ਪੁੱਛਗਿੱਛ ਵੀ ਕੀਤੀ।
ਐੱਸ. ਐਚ. ਓ. ਥਾਣਾ ਸਦਰ ਖੰਨਾ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਅਭਿਆਨ ਨੂੰ ਚਲਾਉਣ ਦਾ ਮਕਸਦ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸੰਦੇਸ਼ ਦੇਣਾ ਹੈ ਕਿ ਮਾਹੌਲ ਖਰਾਬ ਕਰਨ ਵਾਲਿਆਂ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਸਮਰੱਥ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਸਤੂ ਜਾਂ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਐੱਸ. ਐਚ. ਓ. ਥਾਣਾ ਸਿਟੀ ਖੰਨਾ 01 ਹੇਮੰਤ ਮਲਹੋਤਰਾ ਨੇ ਕਿਹਾ ਕਿ ਖੰਨਾ ਪੁਲਿਸ ਵਲੋਂ ਸਰਚ ਆਪ੍ਰੇਸ਼ਨ ਇਸੇ ਤਰ੍ਹਾਂ ਜਾਰੀ ਰੱਖੇ ਜਾਣਗੇ ਅਤੇ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਵੇਚਣ ਵਾਲਿਆਂ ’ਤੇ ਨਕੇਲ ਕਸੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਅਮਨ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਕਾਰਵਾਈਆਂ ਬੁਨਿਆਦੀ ਪੁਲਿਸਿੰਗ ਦਾ ਹਿੱਸਾ ਹਨ, ਜਿਸ ਵਿੱਚ ਸੰਵੇਦਨਸ਼ੀਲ ਥਾਵਾਂ ’ਤੇ ਚੌਕਸੀ ਰੱਖਣਾ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣਾ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਅਜਿਹੇ ਅਭਿਆਨ ਫੀਲਡ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਦਰਸਾਉਣ ਅਤੇ ਆਮ ਲੋਕਾਂ ਵਿੱਚ ਵਿਸ਼ਵਾਸ ਵਧਾਉਣ ਵਿੱਚ ਵੀ ਸਹਾਈ ਹੁੰਦੇ ਹਨ।
