ਖੰਨਾ, 29 ਜਨਵਰੀ (ਹਿ. ਸ.)। ਖੰਨਾ ਪੁਲਿਸ ਨੇ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਦੀ ਰਹਿਨੁਮਾਈ ਹੇਠ ਕਾਰਵਾਈ ਕਰਦਿਆਂ 02 ਵੱਖ-ਵੱਖ ਮਾਮਲਿਆਂ ’ਚ 02 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 36,600 ਨਸ਼ੀਲੀਆਂ ਗੋਲੀਆਂ ਅਤੇ 25 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਕੀਤੀ ਹੈ।
ਇਸ ਸੰਬੰਧੀ ਹੋਈ ਪ੍ਰੈਸ ਕਾਨਫਰੰਸ ਦੌਰਾਨ ਐੱਸ. ਪੀ. ਆਈ ਸੌਰਵ ਜਿੰਦਲ ਨੇ ਦੱਸਿਆ ਕਿ 27.01.2024 ਨੂੰ ਥਾਣਾ ਸਿਟੀ ਖੰਨਾ-2 ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿੱਚ ਨੇੜੇ ਸੈਲੀਬ੍ਰੇਸ਼ਨ ਮਾਲ ਮੌਜੂਦ ਸੀ ਤਾਂ ਗੋਬਿੰਦਗੜ੍ਹ ਸਾਇਡ ਤੋਂ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਪਾਰਟੀ ਵੱਲੋਂ ਇਸ ਵਿਅਕਤੀ ਨੂੰ ਸ਼ੱਕ ਦੀ ਬਿਨਾਹ ’ਤੇ ਰੋਕਿਆ, ਜਿਸ ਨੇ ਆਪਣਾ ਨਾਮ ਅਵਤਾਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਰੂੜੇ, ਆਸਲਾ ਥਾਣਾ ਸਦਰ ਤਰਨਤਾਰਨ, ਜ਼ਿਲ੍ਹਾ ਤਰਨਤਾਰਨ ਦੱਸਿਆ। ਅਵਤਾਰ ਸਿੰਘ ਉਕਤ ਦੀ ਤਲਾਸ਼ੀ ਕਰਨ ’ਤੇ ਉਸਦੇ ਬੈਗ ਵਿੱਚੋਂ ਕੁੱਲ 36,600 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਉਕਤ ਦੇ ਖਿਲਾਫ ਮੁਕੱਦਮਾ ਨੰਬਰ 23 ਮਿਤੀ 27.01.2024 ਅ/ਧ 22/61/85 ਐਨ.ਡੀ.ਪੀ.ਐੱਸ. ਐਕਟ, ਥਾਣਾ ਸਿਟੀ-2 ਖੰਨਾ ਵਿਖੇ ਦਰਜ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਇਸੇ ਤਰ੍ਹਾਂ 28.01.2024 ਨੂੰ ਥਾਣਾ ਸਦਰ ਖੰਨਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿੱਚ ਪਿੰਡ ਅਲੌੜ ਨਾਕਾਬੰਦੀ ’ਤੇ ਮੌਜੂਦ ਸੀ। ਨਾਕਾਬੰਦੀ ਦੌਰਾਨ ਗੋਬਿੰਦਗੜ੍ਹ ਸਾਈਡ ਤੋਂ ਇੱਕ ਟਰਾਲਾ ਨੰਬਰ ਪੀਬੀ 04 ਐਸ 8647 ਨੂੰ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਹ ’ਤੇ ਰੋਕਿਆ। ਜਿਸਦੇ ਚਾਲਕ ਨੇ ਆਪਣਾ ਨਾਮ ਤਰਸੇਮ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਰਾਣਵਾ, ਥਾਣਾ ਮਾਛੀਵਾੜਾ ਸਾਹਿਬ, ਜਿਲ੍ਹਾ ਲੁਧਿਆਣਾ ਦੱਸਿਆ। ਟਰਾਲੇ ਦੀ ਤਲਾਸ਼ੀ ਦੌਰਾਨ 25 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਣ ’ਤੇ ਉਕਤ ਵਿਅਕਤੀ ਦੇ ਖਿਲਾਫ ਮੁਕੱਦਮਾ ਨੰਬਰ 21, ਮਿਤੀ 28.01.2024 ਅ/ਧ 15/61/85 ਐਨ.ਡੀ.ਪੀ.ਐੱਸ. ਐਕਟ, ਥਾਣਾ ਸਦਰ ਖੰਨਾ ਵਿਖੇ ਦਰਜ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
