ਅੰਮ੍ਰਿਤਸਰ,। ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਇਕ ਵਿਅਕਤੀ ਪਾਠ ਕਰਦਿਆਂ ਕੋਈ ਨਸ਼ੀਲੀ ਵਸਤੂ ਹੱਥ ਨਾਲ ਮਲ ਕੇ ਮੂੰਹ ਵਿਚ ਪਾ ਰਿਹਾ ਹੈ, ਜਿਸ ਨੂੰ ਵੇਖ ਕੇ ਹਰੇਕ ਗੁਰੂ ਨਾਨਕ ਨਾਮ ਲੇਵਾ ਸਿੱਖ ਦੇ ਹਿਰਦੇ ਵਲੂੰਧਰੇ ਗਏ ਹਨ। ਮੁੱਢਲੇ ਤੌਰ ’ਤੇ ਇਹ ਪਤਾ ਨਹੀਂ ਲੱਗ ਰਿਹਾ ਕਿ ਇਹ ਵੀਡੀਓ ਕਦੋਂ ਦੀ ਹੈ, ਕਿਸ ਥਾਂ ਦੀ ਹੈ ਅਤੇ ਗੁਰੂ ਮਹਾਰਾਜ ਦੀ ਤਾਬਿਆ ਬੈਠ ਕੇ ਨਸ਼ਾ ਵਰਤ ਰਿਹਾ ਵਿਅਕਤੀ ਕੌਣ ਹੈ।
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਆਦੇਸ਼ ਹੋਇਆ ਹੈ ਕਿ ਸਮੂਹ ਸਿੰਘ ਸਭਾਵਾਂ, ਜਥੇਬੰਦੀਆਂ, ਸੰਪਰਦਾਵਾਂ ਅਤੇ ਅਖੰਡ ਪਾਠੀ ਵੈਲਫੇਅਰ ਸੁਸਾਇਟੀਆਂ ਆਦਿ, ਜਿਸ ਕਿਸੇ ਕੋਲ ਵੀ ਇਸ ਵੀਡੀਓ ਵਿਚ ਦਿਖਾਈ ਦੇ ਰਹੇ ਵਿਅਕਤੀ ਦੀ ਪਛਾਣ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਜਲਦ ਤੋਂ ਜਲਦ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਾਉਣ ਦੀ ਖੇਚਲ ਕਰੇ, ਤਾਂ ਜੋ ਸਿੱਖ ਭਾਵਨਾਵਾਂ ਨੂੰ ਪੁੱਜੀ ਭਾਰੀ ਠੇਸ ਦੇ ਗੰਭੀਰ ਮਾਮਲੇ ਵਿਚ ਪੰਥਕ ਪਰੰਪਰਾਵਾਂ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ।
