ਹੁਸ਼ਿਆਰਪੁਰ, 20 ਅਕਤੂਬਰ। ਤਕਨੀਕੀ ਸਿੱਖਿਆ ਵਿਚ ਵਿਸ਼ਵ ਭਰ ਵਿਚ ਨਾਮਣਾ ਖੱਟਣ ਵਾਲੇ ਹੁਸ਼ਿਆਰਪੁਰ ਦੇ ਜੰਮਪਲ ਸਵ. ਡਾ. ਡੀ.ਡੀ ਘਈ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਡਿਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ ਦੇ ਹੋਸਟਲ ਦਾ ਨਾਮ ਡੀ.ਡੀ.ਘਈ ਹੋਸਟਲ ਰੱਖਿਆ ਗਿਆ। ਮੇਅਰ ਸੁਰਿੰਦਰ ਕੁਮਾਰ ਅਤੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਭਰਾ ਰਾਜੇਸ਼ਵਰ ਦਿਆਲ ਬੱਬੀ ਨੇ ਪੰਡਿਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਪਹੁੰਚ ਕੇ ਹੋਸਟਲ ਦੇ ਨਾਮਕਰਨ ਦਾ ਉਦਘਾਟਨ ਕੀਤਾ। ਉਦਘਾਟਨੀ ਸਮਾਰੋਹ ਦੌਰਾਨ ਮੇਅਰ ਨੇ ਸਵ. ਡਾ. ਘਈ ਦੇ ਪਰਿਵਾਰਕ ਮੈਂਬਰਾਂ ਅਤੇ ਆਏ ਹੋਏ ਪਤਵੰਤਿਆਂ ਨਾਲ ਮਿਲ ਕੇ ਬੂਟੇ ਵੀ ਲਗਾਏ। ਇਸ ਤੋਂ ਬਾਅਦ ਮੇਅਰ ਸੁਰਿੰਦਰ ਕੁਮਾਰ ਅਤੇ ਰਾਜੇਸ਼ਵਰ ਦਿਆਲ ਬੱਬੀ ਨੇ ਪੰਡਿਤ ਜੇ.ਆਰ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਅੰਤਰ ਪੋਲੀਟੈਕਨਿਕ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਵੀ ਕੀਤਾ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
ਹੋਸਟਲ ਦਾ ਉਦਘਾਟਨ ਕਰਨ ਮੌਕੇ ਮੇਅਰ ਸੁਰਿੰਦਰ ਕੁਮਾਰ ਨੇ ਡਾ.ਡੀ.ਡੀ.ਘਈ ਨੂੰ ਯਾਦ ਕਰਦਿਆਂ ਕਿਹਾ ਕਿ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੇ ਨਾਂ ਬਹੁਤ ਸਾਰੀਆਂ ਪ੍ਰਾਪਤੀਆਂ ਹਨ, ਜਿਨ੍ਹਾਂ ਨੂੰ ਅੱਜ ਵੀ ਬੜੇ ਮਾਣ ਨਾਲ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਆਪਣੇ ਤਕਨੀਕੀ ਹੁਨਰ ਨਾਲ ਨਾ ਸਿਰਫ਼ ਪੰਜਾਬ ਵਿਚ ਸਗੋਂ ਪੂਰੇ ਦੇਸ਼ ਵਿਚ ਹੁਸ਼ਿਆਰਪੁਰ ਦਾ ਨਾਂ ਰੋਸ਼ਨ ਕੀਤਾ ਹੈ ਅਤੇ ਅੱਜ ਅਸੀਂ ਪੰਡਿਤ ਜਗਤ ਰਾਮ ਸਰਕਾਰੀ ਪੋਲੀਟੈਕਨਿਕ ਕਾਲਜ ਦੇ ਹੋਸਟਲ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖ ਕੇ ਮਾਣ ਮਹਿਸੂਸ ਕਰ ਰਹੇ ਹਾਂ।
ਇਸ ਮੌਕੇ ਸਵ. ਡੀ.ਡੀ.ਘਈ ਦੇ ਪੁੱਤਰ ਰਵਿੰਦਰ ਮੋਹਨ ਘਈ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1928 ਵਿਚ ਹੁਸ਼ਿਆਰਪੁਰ ਵਿਚ ਪ੍ਰੋਵੈਂਸ਼ੀਅਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦੇ ਨਾਂਅ ‘ਤੇ ਇਕ ਇੰਜੀਨੀਅਰਿੰਗ ਇੰਸਟੀਚਿਊਟ ਖੋਲ੍ਹਿਆ, ਜਿਸ ਨੂੰ 1933 ਵਿਚ ਨੈਸ਼ਨਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਾ ਨਾਮ ਦਿੱਤਾ ਗਿਆ। ਇਸ ਤੋਂ ਬਾਅਦ 1962 ਵਿਚ ਉਨ੍ਹਾਂ ਨੇ ਆਪਣਾ ਕਾਲਜ ਸਰਕਾਰ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਇਸ ਕਾਲਜ ਦਾ ਨਾਂ ਪੰਡਿਤ ਜੇ.ਆਰ. ਪੋਲੀਟੈਕਨਿਕ ਕਾਲਜ ਪੈ ਗਿਆ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਦੇ ਪਿਤਾ ਨੂੰ ਸ਼ਰਧਾਂਜਲੀ ਵਜੋਂ ਕਾਲਜ ਦੇ ਹੋਸਟਲ ਦਾ ਨਾਂ ਉਨ੍ਹਾਂ ਦੇ ਪਿਤਾ ਦੇ ਨਾਂ ‘ਤੇ ਰੱਖਿਆ ਗਿਆ ਹੈ।
