ਚੰਡੀਗੜ੍ਹ, 02 ਅਕਤੂਬਰ। ਪੰਜਾਬ ਦੇ ਗੈਂਗਸਟਰ ਦੀਪਕ ਮਾਨ ਉਰਫ ਮਾਨ ਜੈਤੋ ਦਾ ਹਰਿਆਣਾ ਦੇ ਸੋਨੀਪਤ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਨ ਜੈਤੋ ਪੰਜਾਬ ਦੇ ਫਰੀਦਕੋਟ ਦਾ ਵਸਨੀਕ ਸੀ। ਉਸ ਦੀ ਲਾਸ਼ ਪਿੰਡ ਦੇ ਖੇਤਾਂ ਵਿੱਚੋਂ ਮਿਲੀ। ਕੁਝ ਦਿਨ ਪਹਿਲਾਂ ਹੀ ਉਸ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਲਲਕਾਰਿਆ ਸੀ। ਕਤਲ ਤੋਂ ਬਾਅਦ ਹੁਣ ਗੋਲਡੀ ਬਰਾੜ ਨੇ ਉਸਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਜਾਣਕਾਰੀ ਮੁਤਾਬਕ ਸੋਨੀਪਤ ਦੇ ਹਰਸਾਣਾ ਕਲਾਂ ਪਿੰਡ ਦੇ ਖੇਤਾਂ ’ਚ ਇਕ ਲਾਸ਼ ਪਈ ਸੀ। ਜਿਸ ‘ਤੇ ਕਈ ਗੋਲੀਆਂ ਦੇ ਨਿਸ਼ਾਨ ਸਨ। ਸ਼ਾਮ ਨੂੰ ਜਦੋਂ ਕਿਸਾਨ ਖੇਤ ਗਿਆ ਤਾਂ ਉਸ ਨੇ ਲਾਸ਼ ਦੇਖੀ।
ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪਹਿਲਾਂ ਤਾਂ ਪੁਲਿਸ ਉਸ ਦੀ ਪਛਾਣ ਨਹੀਂ ਕਰ ਸਕੀ ਪਰ ਬਾਅਦ ਵਿਚ ਉਨ੍ਹਾਂ ਨੂੰ ਉਸ ਬਾਰੇ ਪਤਾ ਲੱਗਾ। ਇਸ ਸਬੰਧੀ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਮਾਨ ਜੈਤੋ ਸ਼ੂਟਰ ਲੱਕੀ ਪਟਿਆਲ ਦਾ ਕਰੀਬੀ ਸੀ, ਜੋ ਅਰਮੀਨੀਆ ਤੋਂ ਮਨੀ ਚਸਕਾ ਬੰਬੀਹਾ ਗੈਂਗ ਚਲਾ ਰਿਹਾ ਹੈ। ਕੁਝ ਸਾਲ ਪਹਿਲਾਂ ਉਸ ਨੇ ਚੰਡੀਗੜ੍ਹ ਵਿੱਚ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਦੇ ਚਚੇਰੇ ਭਰਾ ਗੁਰਲਾਲ ਬਰਾੜ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਨੀਰਜ ਚਸਕਾ ਤਾਂ ਫੜ ਲਿਆ ਗਿਆ ਪਰ ਮਾਨ ਜੈਤੋ ਫਰਾਰ ਹੋ ਗਿਆ। ਉਦੋਂ ਤੋਂ ਉਹ ਲਾਰੈਂਸ ਗੈਂਗ ਦੇ ਨਿਸ਼ਾਨੇ ‘ਤੇ ਸੀ। ਮਾਨ ਜੈਤੋ ਖਿਲਾਫ ਪੰਜਾਬ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਵਿਚ ਕਤਲ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ।
