ਖੰਨਾ, 12 ਨਵੰਬਰ। ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਸਾਰੇ ਕਮਰੇ ਦੁਲਹਨ ਦੀ ਤਰ੍ਹਾਂ ਸਜਾਏ ਗਏ। ਸਾਰੇ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਮਨ ਵਿਚ ਉਤਸ਼ਾਹ ਝਲਕ ਰਿਹਾ ਸੀ। ਸਮਾਗਮ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਅੰਜੂ ਭਾਟੀਆ ਅਤੇ ਚੇਅਰਮੈਨ ਸੁਰਿੰਦਰ ਸ਼ਾਹੀ ਵਲੋਂ ਜੋਤ ਜਗਾ ਕੇ ਸਾਰੇ ਸਟਾਫ ਮੈਂਬਰਾਂ ਦੇ ਨਾਲ ਸ੍ਰੀ ਗਣੇਸ਼ ਅਤੇ ਲਕਸ਼ਮੀ ਮਾਤਾ ਜੀ ਦੀ ਵੰਦਨਾ ਕੀਤੀ ਗਈ। ਵਿਦਿਆਰਥੀਆਂ ਵਲੋਂ ਲਕਸ਼ਮੀ ਵੰਦਨਾ ਗੀਤ, ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ ਗਏ। ਸਕੂਲ ਵਿਚ ਪ੍ਰੀ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਭਿੰਨ- ਭਿੰਨ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿਚ ਸਾਰੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਬੱਚਿਆਂ ਨੇ ਕੈਂਡਲ ਡੈਕੋਰੇਸ਼ਨ ,ਦੀਯਾ ਡੈਕੋਰੇਸ਼ਨ, ਕਲਸ਼ ਡੈਕੋਰੇਸ਼ਨ ਅਤੇ ਬਹੁਤ ਹੀ ਮਨਮੋਹਣੀ ਰੰਗੋਲੀ ਆਦਿ ਬਣਾਏ।
ਪ੍ਰਿੰਸੀਪਲ ਅਤੇ ਚੇਅਰਮੈਨ ਨੇ ਸਾਰੇ ਅਧਿਆਪਕ ਵਰਗ, ਸਹਾਇਕ ਕਰਮਚਾਰੀ ਅਤੇ ਵਿਦਿਆਰਥੀਆਂ ਨੂੰ ਧਨ ਤੇਰਸ, ਦੀਵਾਲੀ, ਗੋਵਰਧਨ ਪੂਜਾ ਅਤੇ ਭਾਈ ਦੂਜ ਦੇ ਤਿਉਹਾਰ ਦੀ ਵਧਾਈ ਦਿੱਤੀ । ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਵੱਖ -ਵੱਖ ਧਰਮਾਂ ਦੇ ਲੋਕਾਂ ਦੁਆਰਾ ਮਨਾਇਆ ਜਾਣ ਵਾਲਾ ਇਹ ਪੰਜ ਦਿਨਾਂ ਰੌਸ਼ਨੀਆਂ ਦਾ ਤਿਉਹਾਰ ਹੈ। ਦੀਵਾਲੀ ਅੰਧਕਾਰ ਉੱਤੇ ਪ੍ਰਕਾਸ਼, ਬੁਰਾਈ ਉੱਤੇ ਚੰਗਿਆਈ ਤੇ ਅਗਿਆਨਤਾ ਉੱਤੇ ਗਿਆਨ ਦੀ ਅਧਿਆਤਮਕ ਵਿਜੇ ਦਾ ਪ੍ਰਤੀਕ ਹੈ।
ਪ੍ਰਿੰਸੀਪਲ ਨੇ ਬੱਚਿਆਂ ਨੂੰ ਚੰਗੇ ਗੁਣ ਅਪਣਾਉਂਦੇ ਹੋਏ ਗਰੀਨ ਦੀਵਾਲੀ (ਪਟਾਕਿਆਂ ਤੋਂ ਬਿਨਾਂ) ਮਨਾਉਣ ਲਈ ਪ੍ਰੇਰਿਤ ਕੀਤਾ। ਚੇਅਰਮੈਨ ਨੇ ਦੀਵਾਲੀ ਦੇ ਇਸ ਪਵਿੱਤਰ ਅਵਸਰ ਉੱਤੇ ਕਿਹਾ ਕਿ ਅਧਿਆਤਮਿਕ ਰੂਪ ਨਾਲ ਇਹ ਤਿਉਹਾਰ ਅੰਧਕਾਰ ਉੱਤੇ ਪ੍ਰਕਾਸ਼ ਦੀ ਵਿਜੇ ਨੂੰ ਦਰਸਾਉਂਦਾ ਹੈ। ਦੀਵਾਲੀ ਦਾ ਪਰਵ ਸੱਚੇ ਕਰਮ ਕਰਨ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ। ਪ੍ਰਿੰਸੀਪਲ ਮੈਡਮ ਅਤੇ ਚੇਅਰਮੈਨ ਸਰ ਦੁਆਰਾ ਸਮੂਹ ਅਧਿਆਪਕ ਅਤੇ ਸਹਾਇਕ ਕਰਮਚਾਰੀਆਂ ਨੂੰ ਤੋਹਫੇ ਵੀ ਭੇਂਟ ਕੀਤੇ ਗਏ।
