ਕਪੂਰਥਲਾ, 08 ਅਪ੍ਰੈਲ । ਕਪੂਰਥਲਾ ਦੇ ਕਸਬਾ ਫੱਤੂਢੀਂਗਾ ਨੇੜੇ ਬੀਤੀ ਦੇਰ ਸ਼ਾਮ ਇੱਕ ਕਾਰ ਅਤੇ ਸੰਗਤ ਨਾਲ ਭਰੀ ਬੋਲੈਰੋ ਪਿਕਅੱਪ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ ਕੁਝ ਬੱਚਿਆਂ ਅਤੇ ਔਰਤਾਂ ਸਮੇਤ 25 ਲੋਕ ਗੰਭੀਰ ਜ਼ਖਮੀ ਹੋ ਗਏ ਜਦਕਿ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੋਲੈਰੋ ਪਿਕਅੱਪ ਵਿੱਚ ਸਵਾਰ ਵਿਅਕਤੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੰਗਲੀ ਦੇ ਵਸਨੀਕ ਹਨ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਿੰਡ ਜਾ ਰਹੇ ਸਨ ਕਿ ਰਸਤੇ ਵਿੱਚ ਫੱਤੂਢੀਂਗਾ ਤੋਂ ਮੁੰਡੀ ਮੋੜ ’ਤੇ ਉਨ੍ਹਾਂ ਦੀ ਕਾਰ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਅਮਰੀਕ ਕੌਰ ਅਤੇ ਗੁਰਮੀਤ ਕੌਰ ਅਤੇ ਕਾਰ ਚਾਲਕ ਗੁਰਪ੍ਰੀਤ ਸਿੰਘ ਗੋਪੀ ਵਾਸੀ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਿਵਲ ਹਸਪਤਾਲ ‘ਚ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾ: ਸਿਧਾਰਥ ਬਿੰਦਰਾ ਨੇ ਵੱਡੀ ਗਿਣਤੀ ‘ਚ ਮਰੀਜ਼ਾਂ ਨੂੰ ਦੇਖ ਕੇ ਆਪਣੇ ਸਾਥੀ ਡਾਕਟਰਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਡਾ: ਸੰਦੀਪ ਸਿੰਘ ਥਿੰਦ ਅਤੇ ਡਾ: ਗੁਰਨਾਮ ਸਿੰਘ ਨੇ ਵੀ ਮੌਕੇ ‘ਤੇ ਪਹੁੰਚ ਕੇ ਸਟਾਫ਼ ਦੀ ਮਦਦ ਨਾਲ ਜ਼ਖ਼ਮੀ ਔਰਤਾਂ ਤੇ ਬੱਚਿਆਂ ਦਾ ਇਲਾਜ ਸ਼ੁਰੂ ਕੀਤਾ।
