ਚੰਡੀਗੜ੍ਹ, 03 ਅਕਤੂਬਰ। ਪੰਜਾਬ ਦੇ ਜਿਹੜੇ 24 ਪਿੰਡਾਂ ਨੇ ਸਾਫ ਸਫਾਈ, ਤਰਲ ਤੇ ਠੋਸ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਨ ਅਤੇ ਬੁਨਿਆਦੀ ਸਵੱਛ ਸਹੂਲਤਾਂ ਪੱਖੋਂ ਉੱਤਮ ਕੰਮ ਕੀਤੇ ਹਨ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ‘ਸਵੱਛ ਭਾਰਤ ਦਿਵਸ’ ਮੌਕੇ ਰਾਜ ਪੱਧਰੀ ਸਮਾਗਮ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਸਥਾਨਕ ਮਿਊਂਸੀਪਲ ਭਵਨ, ਸੈਕਟਰ 35 ਵਿਚ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਸਾਫ-ਸਫਾਈ ਰੱਖਣ, ਆਲੇ-ਦੁਆਲੇ ਨੂੰ ਖੂਬਸੂਰਤ ਬਣਾਉਣ ਅਤੇ ਸਵੱਛਤਾ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਪਿੰਡਾਂ ਦੇ 23 ਸਕੂਲਾਂ ਨੂੰ ‘ਉੱਤਮ ਸਕੂਲ’ ਅਤੇ 23 ਸਫਾਈ ਸੇਵਕਾਂ ਨੂੰ ‘ਉੱਤਮ ਸਫਾਈ ਸੇਵਕ’ ਦਾ ਐਵਾਰਡ ਦਿੱਤਾ ਗਿਆ।
ਜਿੰਪਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਾਰੇ ਪਿੰਡਾਂ ਨੂੰ ਸਾਫ-ਸੁਥਰਾ ਬਣਾਉਣ ਲਈ ਸਾਰਥਕ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਰਕਾਰ ਦਾ ਫਰਜ਼ ਹੈ ਅਤੇ ਇਸ ਕੰਮ ਨੂੰ ਪੂਰੀ ਸੁਹਿਰਦਤਾ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਫ-ਸਫਾਈ ਰੱਖਣਾ ਸਿਰਫ ਸਫਾਈ ਸੇਵਕਾਂ ਦਾ ਕੰਮ ਨਹੀਂ ਬਲਕਿ ਸਾਨੂੰ ਸਾਰਿਆਂ ਨੂੰ ਇਸ ਮਕਸਦ ਲਈ ਪਹਿਲ ਕਰਨੀ ਚਾਹੀਦੀ ਹੈ ਤੇ ਖੁਦ ਅੱਗੇ ਆ ਕੇ ਸੂਬੇ ਨੂੰ ਕੂੜਾ ਮੁਕਤ ਰੱਖਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਆਪਣੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ ਅਤੇ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਦੀ ਖੂਬਸੂਰਤੀ ‘ਤੇ ਕੋਈ ਦਾਗ ਨਾ ਲਾਈਏ। ਉਨ੍ਹਾਂ ਇਸ ਮਕਸਦ ਲਈ ਸਾਰੇ ਸਫਾਈ ਸੇਵਕਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਸਫਾਈ ਸੇਵਕਾਂ ਦੇ ਮਾਣ-ਸਤਿਕਾਰ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਜਿੰਪਾ ਨੇ ਕਿਹਾ ਕਿ ਰਾਜ ਪੱਧਰੀ ਸਨਮਾਨ ਹਾਸਲ ਕਰਨ ਵਾਲੀਆਂ ਪੰਚਾਇਤਾਂ, ਸਕੂਲ ਅਤੇ ਸਫਾਈ ਸੇਵਕ ਹੋਰਨਾਂ ਨੂੰ ਵੀ ਚੰਗਾ ਕੰਮ ਕਰਨ ਲਈ ਪ੍ਰੇਰਿਤ ਕਰਨ ਤਾਂ ਜੋ ਪੰਜਾਬ ਨੂੰ ਮੁੜ ਅੱਵਲ ਨੰਬਰ ਦਾ ਸੂਬਾ ਬਣਾਇਆ ਜਾ ਸਕੇ।
