ਮੁਹਾਲੀ, 04 ਅਕਤੂਬਰ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਮੰਗ ਕੀਤੀ ਹੈ ਕਿ ਬੀਤੀ 29 ਸਤੰਬਰ ਨੂੰ ਕਿਸਾਨਾਂ ਵਲੋਂ ਡੇਰਾਬੱਸੀ ਵਿੱਚ ਦਿੱਤੇ ਧਰਨੇ ਦੌਰਾਨ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵਲੋਂ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ। ਇਸ ਸੰਬੰਧੀ ਕਿਸਾਨ ਆਗੂਆਂ ਨੇ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਮਿਹਰ ਸਿੰਘ ਥੇੜੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫਤਰ ਵਿੱਚ ਮੰਗ ਪੱਤਰ ਦਿੱਤਾ ਹੈ।
ਯੂਨੀਅਨ ਦੇ ਜਿਲ੍ਹਾ ਪਰੈਸ ਸਕੱਤਰ ਹਕੀਕਤ ਸਿੰਘ ਘੜੂੰਆਂ ਨੇ ਕਿਹਾ ਕਿ 20 ਸਤੱਬਰ ਨੂੰ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਚੰਡੀਗੜ੍ਹ, ਅੰਬਾਲਾ ਰੋਡ ਵਿਖੇ ਲਗਾਏ ਧਰਨੇ ਨੂੰ ਚਕਾਉਣ ਗਏ ਏ ਡੀ ਸੀ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਦਿੱਤੇ ਭਰੋਸੇ ਦੇ ਬਾਵਜੂਦ ਕੋਈ ਵੀ ਕੰਮ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਹੜ੍ਹ ਪੀੜਤ ਕਿਸੇ ਵੀ ਪਿੰਡ ਵਿੱਚ ਨਾ ਹੀ ਕੋਈ ਬਿਜਲੀ ਲਾਈਨ, ਟੁੱਟੀ ਸੜਕ ਦੀ ਮੁਰੰਮਤ ਨਹੀਂ ਹੋਈ ਅਤੇ ਨਾ ਹੀ ਹੜ੍ਹੀ ਹੋਈ ਜ਼ਮੀਨ ਦਾ ਕੋਈ ਮੁਆਵਜਾ ਮਿਲਿਆ ਹੈ।
ਕਿਸਾਨਾਂ ਨੇ ਮੰਗ ਕੀਤੀ ਕਿ ਹੜ੍ਹ ਦੇ ਕਾਰਨ ਪੁਟੀ ਗਈ ਜ਼ਮੀਨ ਦਾ ਘੱਟੋਂ-ਘੱਟ ਇੱਕ ਲੱਖ ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜਾ ਅਤੇ ਹੜ੍ਹ ਦੇ ਕਾਰਨ ਜ਼ਮੀਨਾਂ ਦੇ ਵਿਚ ਵਾਧੂ ਮਿੱਟੀ ਡਿੱਗਣ ਕਾਰਨ ਹੋਏ ਫਸਲਾਂ ਦੇ ਖਰਾਬੇ ਦਾ ਮੁਆਵਜਾ ਪੰਜਾਹ ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਵੇ ਅਤੇ ਪੰਜ ਏਕੜ ਤਕ ਦੀ ਸ਼ਰਤ ਨੂੰ ਹਟਾ ਕੇ ਮੁਕੰਮਲ ਖਰਾਬੇ ਦਾ ਮੁਆਵਜਾ ਦਿੱਤਾ ਜਾਵੇ।
ਇਹ ਵੀ ਮੰਗ ਕੀਤੀ ਗਈ ਹੈ ਕਿ ਹੜ ਦੇ ਕਾਰਨ ਪੁੱਟੀਆਂ ਗਈਆਂ ਪਾਣੀ ਦੀਆਂ ਅੰਡਰ ਗਰਾਊਂਡ ਪਾਈਪ ਲਾਈਨਾਂ ਸਰਕਾਰ ਵੱਲੋਂ ਪਾਇਆ ਜਾਣ, ਬਿਜਲੀ ਦੀ ਲਾਈਨਾਂ ਠੀਕ ਕੀਤੀਆਂ ਜਾਣ, ਚੋਏ ਅਤੇ ਨਾਲੇ ਦੇ ਵਿੱਚ ਆ ਰਿਹਾ ਫੈਕਟਰੀ ਦਾ ਗੰਦਾ ਪਾਣੀ ਤੁਰੰਤ ਬੰਦ ਕੀਤਾ ਜਾਵੇ ਜਾਂ ਫਿਰ ਸਾਫ ਕਰਕੇ ਛੱਡਿਆ ਜਾਵੇ, ਪਿੰਡ ਟਿਵਾਣਾ ਵਿਖੇ ਘੱਗਰ ਦਰਿਆ ਤੇ ਪੱਕਾ ਪੁਲ ਬਣਿਆ ਜਾਵੇ, ਹੜ੍ਹ ਦੇ ਕਾਰਨ ਪੁੱਟੀਆਂ ਅਤੇ ਟੁੱਟੀਆ ਸੜਕਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਅਤੇ ਹੜ ਦੇ ਕਾਰਨ ਡਿੱਗੇ ਮਕਾਨਾਂ ਮਾਲਿਕਾਂ ਨੂੰ ਮੁਆਵਜਾ ਦਿੱਤਾ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਇਸ ਖੇਤਰ ਵਿਚਲੀਆਂ ਫੈਕਟਰੀਆਂ ਨਾਹਰ ਗਰੁੱਪ, ਅਲਫਾ ਡਰਗ, ਟੀ.ਸੀ. ਕੰਪਨੀ, ਭੰਡਾਰੀ, ਐਨ.ਐਚ ਲੁਕ ਪਲਾਂਟ ਮੁਬਾਰਕਪੁਰ ਅਤੇ ਨਚੀਕੇਤਾ ਪੇਪਰ ਮਿੱਲ ਵਲੋਂ ਫੈਲਾਏ ਜਾਂਦੇ ਪ੍ਰਦੂਸ਼ਨ ਅਤੇ ਗੰਦੇ ਪਾਣੀ ਦੀ ਸਮਂਸਿਆ ਦਾ ਹਲ ਕੀਤਾ ਜਾਵੇ।
