ਲੁਧਿਆਣਾ, 12 ਦਸੰਬਰ (ਹਿ. ਸ.)। ਵਿਧਾਨ ਸਭਾ ਹਲਕਾ ਦੱਖਣੀ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬਾ ਰਜਿੰਦਰਪਾਲ ਕੌਰ ਛੀਨਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਕੌਂਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ’ਚ ਸ਼ੁਰੂ ਕੀਤੇ ਹੈਲਪਲਾਈਨ ਨੰਬਰ 1076 ਅਤੇ ਸਰਕਾਰ ਤੁਹਾਡੇ ਦੁਆਰ ਸਕੀਮ ਦੀ ਸ਼ਲਾਘਾ ਕੀਤੀ। ਵਿਧਾਇਕ ਛੀਨਾ ਨੇ ਕਿਹਾ ਕਿ ਪੰਜਾਬ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਮੁੱਖ ਮੰਤਰੀ ਲਗਾਤਾਰ ਪੰਜਾਬੀਆਂ ਦੇ ਹਿੱਤ ’ਚ ਸਕੀਮਾਂ ਦੀ ਸ਼ੁਰੂਆਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਕੀਆਂ ਪਾਰਟੀਆਂ ਵਾਂਗ ਚੋਣਾਂ ਤੋਂ 1 ਸਾਲ ਪਹਿਲਾਂ ਨਹੀਂ ਸਗੋਂ ਬਿਨ੍ਹਾਂ ਕਿਸੇ ਸਿਆਸੀ ਲਾਹੇ ਦੇ ਮੁੱਖ ਮੰਤਰੀ ਪੰਜਾਬ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹਨ। ਇਸੇ ਦੇ ਤਹਿਤ ਇੱਕ ਤੋਂ ਬਾਅਦ ਇਕ ਸਕੀਮਾਂ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਹਨ।
ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਇਹ ਸੂਬੇ ਦੀ ਪਹਿਲੀ ਸਰਕਾਰ ਹੈ ਜਿਸ ਨੇ ਦਫ਼ਤਰੀ ਕੰਮਕਾਜ ਨੂੰ ਸੌਖਾ ਬਣਾਉਣ ਦੇ ਲਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 42 ਸੇਵਾਵਾਂ ’ਚ ਲੋਕਾਂ ਨੂੰ ਵੱਖ ਵੱਖ ਸਰਟੀਫਿਕੇਟ ਘਰ ਬੈਠੇ ਬਣਵਾਉਣ ਦੀ ਸੁਵਿਧਾ ਪ੍ਰਾਪਤ ਹੋਵੇਗੀ ਅਤੇ ਨਾਲ ਹੀ ਪੁਲਿਸ ਸਬੰਧੀ ਕਲੀਅਰੈਂਸ ਸਰਟੀਫਿਕੇਟ ਦੇ ਨਾਲ ਐੱਨਆਰਆਈਆਂ ਨੂੰ ਦਫਤਰਾਂ ਦੇ ਵਿੱਚ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਉਨ੍ਹਾਂ ਦੇ ਸਾਰੇ ਕੰਮ ਆਨਲਾਈਨ ਹੀ ਹੋਣਗੇ ਅਤੇ ਜੇਕਰ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਹੈਲਪਲਾਈਨ ਨੰਬਰ ’ਤੇ ਫੋਨ ਕਰ ਸਕਣਗੇ।
ਵਿਧਾਇਕ ਛੀਨਾ ਨੇ ਜਿੱਥੇ ਮੁੱਖ ਮੰਤਰੀ ਪੰਜਾਬ ਅਤੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ, ਉੱਥੇ ਹੀ ਕਿਹਾ ਕਿ ਲੋਕਾਂ ਲਈ ਲੋਕਾਂ ਦੇ ਫਾਇਦੇ ਦੀਆਂ ਸਕੀਮਾਂ ਲਾਂਚ ਕਰਨ ਨਾਲ ਲੋਕਾਂ ਦੇ ਸਮੇਂ ਦੇ ਨਾਲ ਪੈਸਿਆਂ ਦੀ ਬੱਚਤ ਹੋਵੇਗੀ, ਨਾਲ ਹੀ ਦਫ਼ਤਰੀ ਕੰਮਕਾਜ ’ਚ ਪਾਰਦਰਸ਼ਤਾ ਆਵੇਗੀ ਅਤੇ ਭ੍ਰਿਸ਼ਟਾਚਾਰ ’ਤੇ ਠੱਲ ਪਵੇਗੀ। ਏਜੰਟਾਂ ਦੀ ਮਨਮਾਨੀਆਂ ਤੋਂ ਲੋਕਾਂ ਨੂੰ ਮੁਕਤੀ ਮਿਲੇਗੀ ਅਤੇ ਅਫ਼ਸਰਾਂ ਦੀ ਜਵਾਬਦੇਹੀ ਵੀ ਤੈਅ ਹੋਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
