ਹੁਸ਼ਿਆਰਪੁਰ, 17 ਅਕਤੂਬਰ (ਹਿ. ਸ.)। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ ਨੇ ਦੱਸਿਆ ਕਿ ਇਸ ਸਾਲ ਦੀਵਾਲੀ ਦੇ ਤਿਉਹਾਰ ਦੌਰਾਨ ਪ੍ਰਚੂਨ ਸਟੋਰਾਂ ਵਿਚ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਹ ਆਰਜ਼ੀ ਲਾਇਸੰਸ ਡਰਾਅ ਪ੍ਰਕਿਰਿਆ ਰਾਹੀਂ ਜਾਰੀ ਕੀਤੇ ਜਾਣਗੇ। ਉਹ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਪਟਾਕੇ ਵਿਕਰੇਤਾਵਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਐਸ.ਪੀ (ਹੈੱਡਕੁਆਰਟਰ) ਮਨਜੀਤ ਕੌਰ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਸਹਾਇਕ ਕਮਿਸ਼ਨਰ (ਜਨਰਲ) ਵਿਓਮ ਭਾਰਦਵਾਜ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਾਕਿਆਂ ਦੇ ਆਰਜ਼ੀ ਲਾਇਸੰਸ ਸਬੰਧੀ ਦਰਖਾਸਤਾਂ ਸੇਵਾ ਕੇਂਦਰਾਂ ਰਾਹੀਂ ਪ੍ਰਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ ਆਪਣੇ ਇਲਾਕੇ ਦੇ ਸੇਵਾ ਕੇਂਦਰ ਰਾਹੀਂ 20 ਤੋਂ 28 ਅਕਤੂਬਰ 2023 ਤੱਕ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਪੜਤਾਲ 31 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਹੋਵੇਗੀ। ਉਨ੍ਹਾਂ ਦੱਸਿਆ ਕਿ ਆਰਜ਼ੀ ਲਾਇਸੰਸ ਡਰਾਅ ਰਾਹੀਂ 2 ਨਵੰਬਰ, 2023 ਨੂੰ ਸਵੇਰੇ 11:30 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੇ ਮੀਟਿੰਗ ਹਾਲ ਵਿਖੇ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਆਰਜ਼ੀ ਲਾਇਸੰਸ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ ‘ਤੇ ਹੀ ਪਟਾਕੇ ਵੇਚਣ ਲਈ ਜਾਰੀ ਕੀਤੇ ਜਾਣਗੇ। ਇਸ ਦੌਰਾਨ ਉਨ੍ਹਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 22 ਸਤੰਬਰ 2023 ਨੂੰ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ, ਪਟਾਕੇ ਵੇਚਣ ਵਾਲੀਆਂ ਥਾਵਾਂ ‘ਤੇ ਸਟਾਲਾਂ ਦੀ ਬਣਤਰ ਅਤੇ ਸੁਰੱਖਿਆ ਨਿਯਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਵਿਚ 19 ਥਾਵਾਂ ‘ਤੇ ਪ੍ਰਚੂਨ ਪਟਾਕੇ ਵੇਚਣ ਲਈ 57 ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਟਾਕਾ ਵਿਕਰੇਤਾ ਆਰਜ਼ੀ ਲਾਇਸੈਂਸ ਅਤੇ ਨਿਰਧਾਰਤ ਥਾਵਾਂ ਤੋਂ ਬਾਹਰ ਪਟਾਕੇ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਟਾਕੇ ਵੇਚਣ ਦਾ ਸਮਾਂ 4 ਨਵੰਬਰ ਤੋਂ 12 ਨਵੰਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ, ਜਦਕਿ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਹਨ।
ਰਾਹੁਲ ਚਾਬਾ ਨੇ ਦੱਸਿਆ ਕਿ ਹੁਸ਼ਿਆਰਪੁਰ ਸਬ-ਡਵੀਜ਼ਨ ਵਿਚ ਦੁਸਹਿਰਾ ਗਰਾਊਂਡ (ਨਵੀਂ ਆਬਾਦੀ) ਹੁਸ਼ਿਆਰਪੁਰ ਲਈ 14, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ (ਅੱਡਾ ਮਾਹਿਲਪੁਰ ਹੁਸ਼ਿਆਰਪੁਰ) ਲਈ 6, ਰੌਸ਼ਨ ਗਰਾਊਂਡ ਹੁਸ਼ਿਆਰਪੁਰ ਲਈ 2, ਰਾਮ ਲੀਲਾ ਗਰਾਊਂਡ ਹਰਿਆਣਾ ਲਈ 3, ਬੁੱਲੋਵਾਲ ਖੁੱਲ੍ਹੀ ਥਾਂ ‘ਤੇ ਇਕ ਅਤੇ ਚੱਬੇਵਾਲ ਖੁੱਲ੍ਹੀ ਥਾਂ ‘ਤੇ ਜਾਰੀ ਕੀਤਾ ਜਾਵੇਗਾ। ਸਬ-ਡਵੀਜ਼ਨ ਗੜ੍ਹਸ਼ੰਕਰ ਲਈ ਮਿਲਟਰੀ ਗਰਾਊਂਡ ਲਈ 4, ਮਾਹਿਲਪੁਰ ਫਗਵਾੜਾ ਰੋਡ ‘ਤੇ ਸਥਿਤ ਨਗਰ ਪੰਚਾਇਤ ਮਾਹਿਲਪੁਰ ਦੀ ਮਲਕੀਅਤ ਵਾਲੀ ਜਗ੍ਹਾ ਲਈ 3 ਅਤੇ ਕੋਟ ਫਤੂਹੀ ਵਿਖੇ ਬਿੰਜੋ ਰੋਡ ‘ਤੇ ਖਾਲੀ ਪਈ ਜਗ੍ਹਾ ਲਈ 2 ਲਾਇਸੰਸ ਜਾਰੀ ਕੀਤੇ ਜਾਣਗੇ। ਸਬ ਡਵੀਜ਼ਨ ਦਸੂਹਾ ਵਿਚ ਮਹਾਰਿਸ਼ੀ ਵਾਲਮੀਕਿ ਪਾਰਕ ਦਸੂਹਾ ਲਈ 2, ਬਲਾਕ ਸੰਮਤੀ ਸਟੇਡੀਅਮ ਦਸੂਹਾ ਲਈ 3, ਦੁਸਹਿਰਾ ਗਰਾਊਂਡ ਗੜ੍ਹਦੀਵਾਲਾ ਲਈ 2, ਖਾਲਸਾ ਕਾਲਜ ਗਰਾਊਂਡ ਗੜ੍ਹਦੀਵਾਲਾ ਲਈ 2, ਸ਼ਿਮਲਾ ਪਹਾੜੀ ਪਾਰਕ ਉੜਮੁੜ ਲਈ 3, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਟਾਂਡਾ ਲਈ 2 ਲਾਇਸੰਸ ਜਾਰੀ ਕੀਤੇ ਜਾਣਗੇ। ਇਸੇ ਤਰ੍ਹਾਂ ਮੁਕੇਰੀਆਂ ਸਬ-ਡਵੀਜ਼ਨ ਵਿਚ ਦੁਸਹਿਰਾ ਗਰਾਊਂਡ ਮੁਕੇਰੀਆਂ ਲਈ 2, ਦੁਸਹਿਰਾ ਗਰਾਊਂਡ ਹਾਜੀਪੁਰ ਲਈ 2, ਨਰਸਰੀ ਗਰਾਊਂਡ ਸੈਕਟਰ 3 ਤਲਵਾੜਾ ਲਈ 2 ਅਤੇ ਦੁਸਹਿਰਾ ਗਰਾਊਂਡ ਦਾਤਾਰਪੁਰ ਲਈ 1 ਲਾਇਸੈਂਸ ਜਾਰੀ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
