ਮੁਹਾਲੀ, 24 ਜਨਵਰੀ (ਹਿ. ਸ.)। ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ, ਇੰਗਲੈਂਡ ਦੇ ਸਹਿਯੋਗ ਨਾਲ ਸਾਂਝੇ ਕਾਵਿ-ਸੰਗ੍ਰਹਿ‘ਸੋਨ ਸੁਨਹਿਰੀ ਕਲਮਾਂ’ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਗੁਰਚਰਨ ਕੌਰ ਕੋਚਰ ਸਨ ਅਤੇ ਪ੍ਰਧਾਨਗੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਪੁਸਤਕ ਦੇ ਮੁੱਖ ਸੰਪਾਦਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਪੁਸਤਕ ਦੀ ਰਚਨਾ ਪ੍ਰਕਿਰਿਆ ਬਾਰੇ ਗੱਲ ਕੀਤੀ ਗਈ।
ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਾਵਿ-ਸੰਗ੍ਰਹਿ ‘ਸੋਨ ਸੁਨਹਿਰੀ ਕਲਮਾਂ’ ਨੂੰ ਲੋਕ ਅਰਪਣ ਕੀਤਾ ਗਿਆ। ਮੁੱਖ ਮਹਿਮਾਨ ਡਾ. ਗੁਰਚਰਨ ਕੌਰ ਕੋਚਰ ਵੱਲੋਂ ਪੁਸਤਕ ਦੀ ਬਣਤਰ ਵਿਚ ਸ਼ਾਮਲ ਹਰ ਸ਼ਖ਼ਸ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਪੁਸਤਕ ਦੀ ਸੰਪਾਦਨਾ ਇਕ ਮੁਸ਼ਕਿਲ ਕਾਰਜ ਹੈ। ਸੰਪਾਦਿਤ ਪੁਸਤਕ ਦੀ ਇਕ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਬਹਾਨੇ ਪਾਠਕ ਇੱਕੋ ਸਮੇਂ ਅਨੇਕਾਂ ਕਵੀਆਂ ਨੂੰ ਪੜ੍ਹ ਸਕਦਾ ਹੈ। ਇਸ ਮੌਕੇ ਡਾ. ਕੋਚਰ ਵੱਲੋਂ ਆਪਣੀ ਗ਼ਜ਼ਲ ਵੀ ਸਾਂਝੀ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕਰ ਰਹੇਡਾ. ਦਵਿੰਦਰ ਸਿੰਘ ਬੋਹਾ ਵੱਲੋਂ ‘ਸੋਨ ਸੁਨਹਿਰੀ ਕਲਮਾਂ’ ਦੇ ਸੰਪਾਦਕਾਂ ਅਤੇ ਸ਼ਾਮਲ ਕਵੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਹਥਲੇ ਕਾਵਿ-ਸੰਗ੍ਰਹਿ ਵਿਚ 80 ਕਲਮਕਾਰਾਂ ਦੀਆਂ ਰਚਨਾਵਾਂ ਨੂੰ ਸੰਕਲਿਤ ਕਰਨਾ ਬੜਾ ਵਿਲੱਖਣ ਅਤੇ ਸਾਰਥਕ ਉਪਰਾਲਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕਵੀਆਂ ਵੱਲੋਂ ਸਮਾਜਿਕ, ਆਰਥਿਕ, ਸਭਿਆਚਾਰਕ ਆਦਿ ਮਸਲਿਆਂ ਨੂੰ ਮੁਖ਼ਾਤਿਬ ਹੋਣਾ ਅਜੋਕੇ ਸਮੇਂ ਦੀ ਲੋੜ ਹੈ। ਇਸ ਨਾਲ ਸੰਵਾਦ ਅੱਗੇ ਤੁਰਦਾ ਹੈ। ਇਸ ਪੁਸਤਕ ਵਿਚ ਸ਼ਾਮਿਲ ਕਵੀਆਂ ਵੱਲੋਂ ਕਵੀ ਦਰਬਾਰ ਦੌਰਾਨ ਆਪਣੀਆਂ ਰਚਨਾਵਾਂ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
