ਲੁਧਿਆਣਾ, 05 ਅਕਤੂਬਰ (ਹਿ. ਸ.)। ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 10 ਤੋਂ 25 ਅਕਤੂਬਰ, 2023 ਤੱਕ ਸੂਬਾ ਪੱਧਰ ‘ਤੇ ਹੋਣ ਵਾਲੀਆਂ ਖੇਡਾਂ ਲਈ 05 ਅਤੇ 06 ਅਕਤੂਬਰ ਨੂੰ ਟ੍ਰਾਇਲ ਲਏ ਜਾਣਗੇ।
05 ਅਕਤੂਬਰ ਨੂੰ ਲਏ ਜਾਣ ਵਾਲੇ ਟ੍ਰਾਇਲਾਂ ਦਾ ਵੇਰਵਾ ਸਾਂਝਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸਾਈਕਲਿੰਗ ਦੇ ਅੰਡਰ 14, 17, 21, 21-25, 25-40 ਅਤੇ 40 ਤੋਂ ਵੱਧ ਉਮਰ ਵਰਗ ਦੇ ਟ੍ਰਾਇਲ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਾਈਕਲਿੰਗ ਵੈਲੋਡਰਮ ਵਿਖੇ ਲਏ ਜਾਣਗੇ ਜਦਕਿ ਆਰਚਰੀ ਅੰ-14, 17, 21, 21 ਤੋ 40 ਸਾਲ, ਕਾਇਕਿੰਗ ਅਤੇ ਕਨੋਇੰਗ ਦੇ ਅੰ-14,17,21, 21 ਤੋ 25, 25 ਤੋ 40 ਸਾਲ ਵਰਗ ਦੇ, ਰੋਇੰਗ ਅੰ-14,17,21, 21 ਤੋ 30 ਸਾਲ, ਇਕੂਸਟ੍ਰੀਅਨ ਦੇ ਟ੍ਰਾਇਲ ਲਈ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਨਾਲ ਫੋਨ ਨੰ: 0161-2410494 ‘ਤੇ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਫੈਨਸਿੰਗ ਅੰ-14,17,21, 21 ਤੋ 40 ਸਾਲ, ਜਿਮਨਾਸਟਿਕ ਅੰ-14,17,21, 21 ਤੋ 30 ਸਾਲ, ਵੂਸੂ ਅੰ-14,17,21, 21 ਤੋ 40 ਸਾਲ, ਰਗਬੀ ਅੰ-14,17,21, 21 ਤੋ 40 ਸਾਲ ਦੇ ਟਰਾਇਲ ਮਲਟੀਪਰਪਜ ਹਾਲ, ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ।
06 ਅਕਤੂਬਰ ਨੂੰ ਹੋਣ ਵਾਲੇ ਟ੍ਰਾਇਲ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਰੋਲਰ ਸਕੇਟਿੰਗ ਅੰ-14, 17, 21, 21 ਤੋ 40 ਸਾਲ ਵਰਗ ਦੇ ਟਰਾਇਲ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਲੁਧਿਆਣਾ ਵਿਖੇ ਹੋਣਗੇ। ਉਨ੍ਹਾਂ ਚਾਹਵਾਨ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਰਸਾਏ ਸ਼ਡਿਊਲ ਅਨੁਸਾਰ ਵੱਖ-ਵੱਖ ਖੇਡਾਂ ਦੇ ਟ੍ਰਾਇਲ ਦੇ ਸਕਦੇ ਹਨ। ਜ਼ਿਲ੍ਹਾ ਖੇਡ ਅਫ਼ਸਰ ਵਲੋਂ ਸਪੱਸ਼ਟ ਕੀਤਾ ਗਿਆ ਕਿ 05 ਅਤੇ 06 ਅਕਤੂਬਰ ਨੂੰ ਹੋਣ ਵਾਲੇ ਟ੍ਰਾਇਲਾਂ ਦਾ ਸਮਾਂ ਸਵੇਰ 09 ਵਜੇ ਹੋਵੇਗਾ ਅਤੇ ਉਪਰੋਕਤ ਮਿਤੀ ਤੋਂ ਇਲਾਵਾ ਕਿਸੇ ਵੀ ਖਿਡਾਰੀ ਦੇ ਟਰਾਇਲ ਨਹੀਂ ਲਏ ਜਾਣਗੇ।
ਜ਼ਿਕਰਯੋਗ ਹੈ ਕਿ ਮਿਤੀ 10-10-2023 ਤੋਂ 25-10-2023 ਤੱਕ ਵੱਖ ਵੱਖ ਜਿਲ੍ਹਿਆਂ ਵਿੱਚ 35 ਪ੍ਰਕਾਰ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟ੍ਰਾਇਲ ਦੇਣ ਲਈ ਖਿਡਾਰੀ ਆਪਣੇ ਆਧਾਰ ਕਾਰਡ/ਜਨਮ ਸਰਟੀਫਿਕੇਟ ਦੀ ਫੋਟੋਕਾਪੀ ਨਾਲ ਜ਼ਰੂਰ ਲੈ ਕੇ ਆਉਣ, ਬਿਨ੍ਹਾਂ ਆਈ.ਡੀ.ਪਰੂਫ (ਜਨਮ ਸਰਟੀਫਿਕੇਟ/ਆਧਾਰ ਕਾਰਡ) ਦੇ ਖਿਡਾਰੀ ਦੀ ਟ੍ਰਾਇਲਾਂ ਲਈ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
