ਮੁਹਾਲੀ, 28 ਅਕਤੂਬਰ (ਹਿ. ਸ.)। ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਮੁਹਾਲੀ ਸ਼ਹਿਰ ਵਿੱਚਲੀ ਸਫਾਈ ਵਿਵਸਥਾ ਨੂੰ ਚੁਸਤ ਦਰੁਸਤ ਕਰਨ ਲਈ ਮਕੈਨਿਕਲ ਸਫਾਈ ਫੌਰੀ ਤੌਰ ਤੇ ਆਰੰਭ ਕਰਵਾਈ ਜਾਵੇ। ਮੇਅਰ ਵਲੋਂ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਕਰਨ ਵਾਸਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਹਾਲੀ ’ਚ ਸਫਾਈ ਵਿਵਸਥਾ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਦਿਵਾਲੀ ਤੋਂ ਪਹਿਲਾਂ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਚੁਸਤ ਦਰੁਸਤ ਕਰਨ ਲਈ ਕਿਹਾ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮਕੈਨਿਕਲ ਸਫਾਈ ਆਰੰਭ ਨਾ ਹੋਣ ਕਾਰਨ ਸ਼ਹਿਰ ਵਿੱਚ ਸਫਾਈ ਵਿਵਸਥਾ ਦੀ ਹਾਲਤ ਮਾੜੀ ਹੋਈ ਪਈ ਹੈ ਅਤੇ ਅੰਦਰੂਨੀ ਸੜਕਾਂ ਦੀ ਸਫਾਈ ਕਰਨ ਵਾਲੇ ਕਰਮਚਾਰੀ ਮੁੱਖ ਸੜਕਾਂ ਤੇ ਲਗਾਏ ਗਏ ਹਨ। ਉਨਾਂ ਮਕੈਨਿਕਲ ਸਫਾਈ ਲਈ ਬਣਾਈ ਗਈ ਕਮੇਟੀ ਨੂੰ ਇਸ ਦੇ ਟੈਂਡਰ ਫੌਰੀ ਤੌਰ ਤੇ ਖੋਲਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਛੇਤੀ ਤੋਂ ਛੇਤੀ ਇਹ ਕੰਮ ਨੇਪਰੇ ਚਾੜਿਆ ਜਾ ਸਕੇ ਅਤੇ ਸ਼ਹਿਰ ਵਿੱਚ ਸਫਾਈ ਵਿਵਸਥਾ ਠੀਕ ਹੋ ਸਕੇ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਦੇ ਨਾਲ ਕਿਸੇ ਵੀ ਤਰ੍ਹਾਂ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਹਨਾਂ ਸੈਨੀਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਵਾਧੂ ਕਰਮਚਾਰੀ ਲਗਾ ਕੇ ਦਿਵਾਲੀ ਤੱਕ ਸ਼ਹਿਰ ਵਿੱਚ ਸਫਾਈ ਅਵਸਥਾ ਪੂਰਨ ਰੂਪ ਵਿੱਚ ਚੁਸਤ ਦਰੁਸਤ ਕੀਤੀ ਜਾਵੇ ਅਤੇ ਥਾਂ ਥਾਂ ਪਏ ਗੰਦਗੀ ਦੇ ਢੇਰ ਚੁਕਵਾਏ ਜਾਣ। ਉਹਨਾਂ ਵਿਸ਼ੇਸ਼ ਤੌਰ ਤੇ ਕਮਿਸ਼ਨਰ ਨੂੰ ਮੈਕੈਨੀਕਲ ਸਫਾਈ ਲਈ ਟੈਂਡਰ ਪ੍ਰਕਿਰਿਆ ਨੂੰ ਪੂਰਾ ਕਰਕੇ ਇਹ ਕੰਮ ਨੂੰ ਫੋਰੀ ਤੌਰ ਤੇ ਆਰੰਭ ਕਰਵਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਇਥੇ ਜਿਕਰਯੋਗ ਹੈ ਕਿ ਮਕੈਨੀਕਲ ਸਫਾਈ ਦਾ ਕੰਮ ਸ਼ਹਿਰ ਵਿੱਚ ਕਾਫੀ ਸਮੇਂ ਤੋਂ ਰੁਕਿਆ ਹੋਇਆ ਹੈ। ਇਸ ਦੇ ਨਵੇਂ ਟੈਂਡਰ ਨਾ ਹੋਣ ਕਾਰਨ ਇਹ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ। ਇਸ ਸਬੰਧੀ ਸੈਨੀਟਰੀ ਵਿਭਾਗ ਦੀ ਰਿਪੋਰਟ ਵੀ ਮਕੈਨਿਕਲ ਸਫਾਈ ਨੂੰ ਠੇਕੇ ਤੇ ਦਿੱਤੇ ਜਾਣ ਸਬੰਧੀ ਬਣਾਈ ਗਈ 9 ਮੈਂਬਰੀ ਕਮੇਟੀ ਨੂੰ ਦਿੱਤੀ ਜਾ ਚੁੱਕੀ ਹੈ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
