ਫਤਹਿਗੜ੍ਹ ਸਾਹਿਬ, 11 ਜਨਵਰੀ (ਹਿ. ਸ.)। ਲਿੰਗ ਅਧਾਰਤ ਹਿੰਸਾਂ ਤੋਂ ਪੀੜ੍ਹਤ ਮਹਿਲਾਵਾਂ ਨੂੰ ਇੱਕੋਂ ਛੱਤ ਹੇਠ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸਥਾਪਤ ਕੀਤੇ ਗਏ ਸਖੀ ਵਨ ਸਟਾਪ ਸੈਂਟਰ ਵੱਲੋਂ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪਿੰਡ ਤਲਵਾੜਾ ਵਿਖੇ ਸਖੀ ਵਨ ਸਟਾਪ ਸੈਂਟਰ ਦੀਆਂ ਸਕੀਮਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਜਾਗਰੂਕਤਾ ਕੈਂਪ ਦੀ ਸ਼ੁਰੂਆਤ ਵਨ ਸਟਾਪ ਸੈਂਟਰ ਦੇ ਉਦੇਸ਼ ਅਤੇ ਲਿੰਗ-ਆਧਾਰਿਤ ਹਿੰਸਾ ਤੋਂ ਪੀੜਤ ਮਹਿਲਾਵਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਵਿੱਚ ਇਸਦੀ ਭੂਮਿਕਾ ਸਬੰਧੀ ਜਾਣਕਾਰੀ ਦਿੰਦੇ ਹੋਏ ਵਨ ਸਟਾਪ ਸੈਂਟਰ ਦੀ ਇੰਚਾਰਜ ਰਜਨੀ ਬਾਲਾ ਵਲੋਂ ਔਰਤਾਂ ਨੂੰ ਦੱਸਿਆ ਗਿਆ ਕਿ ਭਾਰਤ ਸਰਕਾਰ ਵੱਲੋਂ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਅਧੀਨ ਕਿਸੇ ਵੀ ਤਰ੍ਹਾਂ ਦੀ ਹਿੰਸਾ, ਜਿਵੇਂ ਕਿ ਘਰੇਲੂ ਹਿੰਸਾ, ਤੇਜ਼ਾਬੀ ਹਮਲਾ, ਜਬਰ ਜਨਾਹ, ਗੈਰ-ਮਨੁੱਖੀ ਤਸਕਰੀ, ਦਹੇਜ ਪੀੜਤ ਅਤੇ ਛੇੜਛਾੜ ਤੋਂ ਪੀੜਤ ਮਹਿਲਾਵਾਂ ਨੂੰ ਇੱਕ ਛੱਤ ਹੇਠਾਂ ਸੇਵਾਵਾਂ, ਜਿਵੇਂ ਕਿ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਮਾਨਸਿਕ-ਸਮਾਜਿਕ ਕਾਉਂਸਲਿੰਗ, ਮੁਫਤ ਕਾਨੂੰਨੀ ਸਹਾਇਤਾ/ਕਾਨੂੰਨੀ ਸਲਾਹ ਮਸ਼ਵਰਾ ਅਤੇ ਪੀੜਤ ਮਹਿਲਾ ਨੂੰ ਅਸਥਾਈ ਆਸਰਾ (ਵੱਧ ਤੋਂ ਵੱਧ 5 ਦਿਨਾਂ ਲਈ) ਪ੍ਰਦਾਨ ਕਰਨ ਲਈ ਸਖੀ ਵਨ ਸਟਾਪ ਸੈਂਟਰ ਸਕੀਮ ਜਾਰੀ ਕੀਤੀ ਗਈ ਹੈ। ਸੈਂਟਰ ਇੰਚਾਰਜ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਸੈਮੀਨਾਰਾਂ ਦਾ ਉਦੇਸ਼ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਬਾਰੇ ਜਾਗਰੂਕਤਾ ਅਤੇ ਆਦਰ ਤੇ ਸੁਰੱਖਿਆ ਦਾ ਸੱਭਿਆਚਾਰ ਪੈਦਾ ਕਰਨਾ ਹੈ। ਮਹਿਲਾਵਾਂ ਨਾਲ ਹੋ ਰਹੀਆਂ ਘਰੇਲੂ ਹਿੰਸਾਵਾਂ ਨੂੰ ਰੋਕਣ ਲਈ ਇੱਕ ਚੰਗੇ ਗੁਆਢੀ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ਬਾਰੇ ਵੀ ਚਰਚਾ ਕੀਤੀ ਗਈ।
ਇਸ ਤੋਂ ਇਲਾਵਾ ਸੈਂਟਰ ਇੰਚਾਰਜ ਵੱਲੋਂ ਦੱਸਿਆ ਗਿਆ ਕਿ ਇਹ ਸੈਂਟਰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਹਨ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਇਹ ਸੈਂਟਰ ਸਿਵਲ ਹਸਪਤਾਲ, ਫਤਹਿਗੜ੍ਹ ਸਾਹਿਬ ਵਿਚ ਸਾਹਮਣੇ ਐਂਮਰਜੈਂਸੀ ਬਿਲਡਿੰਗ ਵਿਖੇ ਖੋਲ੍ਹਿਆ ਗਿਆ ਹੈ ਔਰਤਾਂ ਦੀ ਸਹਾਇਤਾ ਲਈ ਸੈਂਟਰ ਨਾਲ ਸੰਪਰਕ ਕਰਨ ਲਈ ਟੈਲੀਫੋਨ ਨੰ. 01763-233054, 9988100-415, 7710758976 ਵੀ ਮੁਹੱਈਆ ਕਰਵਾਏ ਗਏ। ਇਸ ਦੇ ਨਾਲ ਹੀ ਔਰਤਾਂ ਅਤੇ ਦੀ ਸੁਰੱਖਿਆ ਲਈ ਬਣੇ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਵਾਇਆ ਗਿਆ ਅਤੇ ਐਮਰਜੈਂਸੀ ਹੈਲਪ ਲਾਇਨ ਨੰ. 181 ਅਤੇ 112 ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਇਨ੍ਹਾਂ ਨੰਬਰਾਂ ’ਤੇ ਹਿੰਸਾ ਸਬੰਧੀ ਕਿਸੇ ਵੀ ਸਮੇਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
