ਮੁਹਾਲੀ, 01 ਅਕਤੂਬਰ (ਹਿ. ਸ.)। ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਵਿਕਾਸ ਪੱਖੋਂ ਹੁਣ ਬਲੌਂਗੀ ਦੀ ਕਾਇਆਕਲਪ ਹੋਣ ਜਾ ਰਹੀ ਹੈ ਅਤੇ ਬਲੌਂਗੀ ਵਾਸੀਆਂ ਨੂੰ ਪਹਿਲ ਦੇ ਆਧਾਰ ਤੇ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਬਲੌਂਗੀ ਵਿਖੇ ਸੀਵਰੇਜ, ਪਾਣੀ ਦੀ ਨਿਕਾਸੀ ਅਤੇ ਸੜਕ ਬਣਾਉਣ ਸਬੰਧੀ ਇਕ ਕਰੋੜ 37 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਉਦਘਾਟਨ ਕਰਨ ਮੌਕੇ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਕੰਮ ਮੁਕੰਮਲ ਹੋਣ ਨਾਲ ਵਿਕਾਸ ਪੱਖੋਂ ਪਿਛੜੇ ਹੋਏ ਇਸ ਪਿੰਡ ਦੀ ਨੁਹਾਰ ਬਦਲ ਜਾਵੇਗੀ।
ਉਹਨਾਂ ਕਿਹਾ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਬਲੌਂਗੀ ਦੇ ਵਿਕਾਸ ਦੇ ਨਾਂ ਉੱਤੇ ਸਿਰਫ ਤੇ ਸਿਰਫ ਫੋਕੇ ਵਾਅਦੇ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ, ਕਿਉਂਕਿ ਪੁਰਾਣੇ ਚੁਣੇ ਗਏ ਨੁਮਾਇੰਦਿਆਂ ਦਾ ਧਿਆਨ ਲੋਕਾਂ ਦੇ ਕੰਮਾਂ ਦੀ ਥਾਂ ਤੇ ਨਿੱਜੀ ਕੰਮਾਂ ਨੂੰ ਵਧਾਉਣਾ ਹੁੰਦਾ ਸੀ, ਪਰੰਤੂ ਹੁਣ ਬਲੌਂਗੀ ਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਹੈ ਅਤੇ ਸਰਕਾਰ ਸਮਰਪਿਤ ਭਾਵਨਾ ਨਾਲ ਲੋਕਾਂ ਦੇ ਕੰਮ ਕਰਵਾ ਰਹੀ ਹੈ।
ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰੀ ਤਰ੍ਹਾਂ ਯੋਜਨਾ ਬੱਧ ਤਰੀਕੇ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਛੇਤੀ ਹੀ ਮੁਹਾਲੀ ਦੇ ਨਾਲ ਲੱਗਦੇ ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਿਲ ਕੀਤੇ ਜਾਣ ਦੀ ਯੋਜਨਾ ਤੇ ਅਮਲ ਕਰ ਲਿਆ ਜਾਵੇਗਾ, ਤਾਂ ਕਿ ਇਲਾਕੇ ਦੇ ਵਿਕਾਸ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
