ਲੁਧਿਆਣਾ, 31 ਦਸੰਬਰ (ਹਿ. ਸ.)। ਲੁਧਿਆਣਾ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਜ਼ਿਲ੍ਹੇ ਦਾ ਚਾਰਜ ਸੰਭਾਲਦਿਆਂ ਹੀ ਨਿਯਮਾਂ ਤੋਂ ਉਲਟ ਕੰਮ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸਦੇ ਚੱਲਦਿਆਂ ਹੀ ਸਿਵਲ ਹਸਪਤਾਲ ਲੁਧਿਆਣਾ ਦੇ ਸਾਈਕਲ ਸਟੈਂਡ ਦੇ ਠੇਕੇਦਾਰ ਨੂੰ ਨਿਯਮਾਂ ਤੋਂ ਵਧੇਰੇ ਪਾਰਕਿੰਗ ਫ਼ੀਸ ਲੈਣ ਦੇ ਦੋਸ਼ ਵਜੋਂ 5 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ ਹੈ ਤੇ ਨਾਲ ਹੀ ਉਸ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜੇਕਰ ਉਨ੍ਹਾਂ ਵਲੋਂ ਭਵਿੱਖ ‘ਚ ਵੀ ਨਿਯਮਾਂ ਦੇ ਉਲਟ ਵਸੂਲੀ ਕੀਤੀ ਗਈ ਤਾਂ ਉਨ੍ਹਾਂ ਦਾ ਸਾਈਕਲ ਸਟੈਂਡ ਦਾ ਟੈਂਡਰ ਰੱਦ ਹੋ ਸਕਦਾ ਹੈ।
ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਥਾਨਕ ਠੇਕੇਦਾਰ ਖ਼ਿਲਾਫ਼ ਮਰੀਜ਼ਾਂ ਵਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੇ ਚੱਲਦਿਆਂ ਉਨ੍ਹਾਂ ਵਲੋਂ ਆਪਣੇ ਪੱਧਰ ‘ਤੇ ਲੁਧਿਆਣਾ ਦੇ ਇਕ ਮੈਡੀਕਲ ਅਫ਼ਸਰ ਨੂੰ ਸਕੂਟਰ ਪਾਰਕ ਕਰਨ ਲਈ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਜਿਸ ਤੋਂ ਉਕਤ ਠੇਕੇਦਾਰ ਨੇ ਨਿਰਧਾਰਿਤ 10 ਰੁਪਏ ਪਰਚੀ ਫ਼ੀਸ ਦੀ ਬਜਾਏ 100 ਰੁਪਏ ਲੈ ਲਏ, ਜੋ ਕਿ ਨਿਯਮਾਂ ਦੀ ਉਲ਼ੰਘਣਾ ਹੈ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਠੇਕੇਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਜਿਸ ਵਿਚ ਸਬੰਧਿਤ ਠੇਕੇਦਾਰ ਵਲੋਂ ਮੰਨਿਆ ਗਿਆ ਕਿ ਉਨ੍ਹਾਂ ਵਲੋਂ 100 ਰੁਪਏ ਗੂਗਲ ਪੇਅ ਰਾਹੀਂ ਵਸੂਲ ਕੀਤੇ ਗਏ ਸਨ ਤੇ ਇਸ ਸੰਬੰਧ ‘ਚ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਸਬੰਧਿਤ ਠੇਕੇਦਾਰ ਵਲੋਂ ਜੋ ਤਰਕ ਦਿੱਤਾ ਗਿਆ, ਉਸ ਅਨੁਸਾਰ ਉਹ ਆਪਣੇ ਆਪ ਨੂੰ ਸਹੀ ਸਾਬਤ ਨਹੀਂ ਕਰ ਸਕਿਆ। ਉਨ੍ਹਾਂ ਦੱਸਿਆ ਕਿ ਜਦੋਂ ਸਿਵਲ ਹਸਪਤਾਲ ‘ਚ ਸਾਈਕਲ ਸਟੈਂਡ ਦਾ ਠੇਕਾ ਕੀਤਾ ਗਿਆ ਸੀ ਤਾਂ ਸ਼ਰਤਾਂ ਵਿਚ ਲਿਖਿਆ ਗਿਆ ਸੀ ਕਿ ਜੇਕਰ ਠੇਕੇਦਾਰ ਤੈਅ ਕੀਤੀ ਗਈ ਰਕਮ ਤੋਂ ਜ਼ਿਆਦਾ ਪੈਸੇ ਲੈਂਦਾ ਪਾਇਆ ਗਿਆ ਤਾਂ ਉਸ ਦੀ ਇਕ ਮਹੀਨੇ ਦੀ ਠੇਕਾ ਫ਼ੀਸ ਜੁਰਮਾਨੇ ਵਜੋਂ ਕੱਟੀ ਜਾਵੇਗੀ ਤੇ ਦੂਜੀ ਵਾਰ ਵਸੂਲੀ ਕਰਨ ‘ਤੇ ਇਕ ਮਹੀਨੇ ਦੀ ਫ਼ੀਸ ਜੁਰਮਾਨੇ ਦੇ ਰੂਪ ‘ਚ ਵਸੂਲ ਕੀਤੀ ਜਾਵੇਗੀ ਤੇ ਤੀਸਰੀ ਵਾਰ ਫਿਰ ਤੋਂ ਜੇਕਰ ਠੇਕੇਦਾਰ ਜ਼ਿਆਦਾ ਵਸੂਲੀ ਕਰਨ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਦਾ ਠੇਕਾ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਠੇਕੇਦਾਰ ਖ਼ਿਲਾਫ਼ ਕਾਰਵਾਈ ਤੈਅ ਕੀਤੀਆਂ ਗਈਆਂ ਸ਼ਰਤਾਂ ਅਨੁਸਾਰ ਹੀ ਕੀਤੀ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
