ਮੋਰਿੰਡਾ, 05 ਅਕਤੂਬਰ (ਹਿ. ਸ.)। ਮੋਰਿੰਡਾ ਪੁਲਿਸ ਨੇ ਨਜ਼ਦੀਕੀ ਪਿੰਡ ਮੁੰਡੀਆਂ, ਦੀ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਵਿੱਚ ਲੱਖਾਂ ਰੁਪਏ ਦੇ ਹੋਏ ਘਪਲੇ ਸਬੰਧੀ ਸੁਸਾਇਟੀ ਦੇ ਸਾਬਕਾ ਸਕੱਤਰ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸਿਮਰਨਜੀਤ ਸਿੰਘ ਐਸ ਐਚ ਓ ਮੋਰਿੰਡਾ ਸਦਰ ਨੇ ਦੱਸਿਆ ਕਿ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜ਼ਿਲ੍ਹਾ ਰੋਪੜ ਵੱਲੋਂ ‘ਦੀ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ’, ਪਿੰਡ ਮੁੰਡੀਆਂ ਦੇ ਸਾਬਕਾ ਸਕੱਤਰ ਦਲਵੀਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕਾਂਝਲਾ ਜ਼ਿਲ੍ਹਾ ਰੂਪਨਗਰ ਵੱਲੋਂ 6 ਮਈ 2015 ਤੋਂ ਲੈ ਕੇ 28 ਅਪ੍ਰੈਲ 2017 ਤੱਕ ਇਸ ਸਭਾ ਵਿੱਚ ਆਪਣੀ ਡਿਊਟੀ ਨਿਭਾਉਂਦਿਆਂ ਸਭਾ ਦੇ ਮੈਂਬਰਾਂ ਦੇ ਨਾਮ ਤੇ ਪੰਜ ਸਾਲਾ ਕਰਜਾ ਪਾ ਕੇ, ਆਪਣੇ ਵੱਲ ਹੱਥ ਨਗਦੀ ਘਟਾ ਕੇ, ਲੋਕਾਂ ਕੋਲੋਂ ਹਾਸਿਲ ਕੀਤਾ ਕਰਜ਼ਾ ਸਹਿਕਾਰੀ ਸਭਾ ਦੀ ਡੇ ਬੁੱਕ ਅਤੇ ਕੈਸ਼ ਬੁੱਕ ਦਰਜ ਨਾ ਕਰਕੇ, ਇੱਥੋਂ ਬਦਲੀ ਹੋਣ ਸਮੇਂ ਚਾਰਜ ਛੱਡਣ ਸਮੇਂ ਡੇ ਬੁੱਕ/ ਕੈਸ਼ ਬੁੱਕ ਵਿੱਚ ਨਿਕਲਦੀ ਨਗਦੀ ਜਮਾ ਨਾ ਕਰਾ ਕੇ ਅਤੇ ਚਾਰਜ ਵਿੱਚ ਘੱਟ ਸਟਾਕ ਦੇ ਕੇ ਕੁੱਲ 12,65065/- ਰੁਪਏ ਦਾ ਘਪਲਾ ਕਰਨ ਸਬੰਧੀ ਰਿਪੋਰਟ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਭੇਜ ਕੇ ਇਸ ਘਪਲੇਬਾਜ ਸਕੱਤਰ ਵਿਰੁੱਧ ਮਾਮਲਾ ਦਰਜ ਕਰਨ ਲਈ ਸੌਂਪੀ ਗਈ ਸੀ, ਜਿਸ ਦੀ ਪੜਤਾਲ ਪੁਲਿਸ ਕਪਤਾਨ ( ਪੀਬੀਆਈ) ਰੂਪਨਗਰ ਵੱਲੋਂ ਕਰਨ ਉਪਰੰਤ , ਸਾਬਕਾ ਸਕੱਤਰ ਦਲਵੀਰ ਸਿੰਘ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 408 / 420 ਅਧੀਨ ਮੁਕੱਦਮਾ ਨੰਬਰ 55 ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਦੌਰਾਨ ਚੀਨੀ ਮਿੱਲ ਮੋਰਿੰਡਾ ਦੇ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਮੁੰਡੀਆ ਨੇ ਪੁਲਿਸ ਕਾਰਵਾਈ ਦੀ ਸਲਾਘਾ ਕਰਦਿਆਂ ਇਸ ਘਪਲੇਬਾਜ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਭਾ ਦੇ ਮੈਂਬਰਾਂ ਕੋਲੋ ਧੋਖੇਬਾਜ਼ੀ ਨਾਲ ਠੱਗੇ ਗਏ ਪੈਸੇ ਵਾਪਸ ਕਰਵਾਉਣ ਅਤੇ ਇਸ ਵੱਲੋਂ ਧੋਖੇਬਾਜ਼ੀ ਨਾਲ ਬਣਾਈ ਗਈ ਜਾਇਦਾਦ ਜਬਤ ਕਰਨ ਤੇ ਇਸ ਸਕੱਤਰ ਵੱਲੋ ਸਮੁੱਚੀ ਸਰਵਿਸ ਦੌਰਾਨ ਵੱਖ ਵੱਖ ਸਭਾਵਾਂ ਵਿੱਚ ਕੀਤੇ ਕੰਮ ਦੀ ਬਰੀਕੀ ਨਾਲ ਪੜਤਾਲ ਕਰਨ ਦੀ ਮੰਗ ਕੀਤੀ ਹੈ ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
