ਮੋਗਾ, 23 ਅਕਤੂਬਰ (ਹਿ. ਸ.)। ਮੋਗਾ ਵਿਚ ਇਕ ਕਬੱਡੀ ਖਿਡਾਰੀ ਨੂੰ ਘਰ ਵਿੱਚ ਵੜ ਕੇ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਨਿਹਾਲ ਸਿੰਘ ਵਾਲਾ ਦੀ ਹੈ। ਜਿਥੇ ਬਾਈਕ ’ਤੇ ਆਏ ਦੋ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਮਲੇ ਵਿੱਚ ਜ਼ਖ਼ਮੀ ਹੋਏ ਕਬੱਡੀ ਖਿਡਾਰੀ ਦੀ ਪਛਾਣ ਹਰਵਿੰਦਰ ਸਿੰਘ ਬਿੰਦਰੀ ਵਜੋਂ ਹੋਈ ਹੈ। ਬਿੰਦਰੀ ਪਿੰਡ ਧੂਰਕੋਟ ਰਣ ਸਿੰਘ ਦਾ ਰਹਿਣ ਵਾਲਾ ਹੈ।
ਉਨ੍ਹਾਂ ਨੂੰ ਪਿੰਡ ਤੋਂ ਆਮ ਆਦਮੀ ਪਾਰਟੀ (ਆਪ) ਵਲੋਂ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ ਹੈ। ਪੁਲਿਸ ਜਾਂਚ ਅਨੁਸਾਰ ਇਹ ਘਟਨਾ ਸਵੇਰੇ ਪੌਣੇ ਸੱਤ ਵਜੇ ਦੇ ਕਰੀਬ ਵਾਪਰੀ। ਜਦੋਂ ਬਾਈਕ ’ਤੇ ਸਵਾਰ ਦੋ ਬਦਮਾਸ਼ ਕਬੂਤਰ ਦੇਖਣ ਦੇ ਬਹਾਨੇ ਇਕ ਕਬੱਡੀ ਖਿਡਾਰੀ ਦੇ ਘਰ ਪਹੁੰਚੇ। ਇਸ ਤੋਂ ਬਾਅਦ ਮੌਕਾ ਦੇਖ ਕੇ ਬਿੰਦਰੀ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਏ। ਇਸ ਗੱਲ ਦਾ ਪਤਾ ਲੱਗਦੇ ਹੀ ਪਿੰਡ ’ਚ ਹੜਕੰਪ ਮਚ ਗਿਆ। ਬਿੰਦਰੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿਥੋਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਪਰਿਵਾਰਕ ਮੈਂਬਰ ਵੀ ਇਸ ਬਾਰੇ ਕੋਈ ਗੱਲ ਨਹੀਂ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
