ਨੰਗਲ, 3 ਅਗਸਤ (ਹਿੰ. ਸ.)। ਮਾਣਕਪੁਰ ਸਰਕਾਰੀ ਸਕੂਲ ਦੀ ਅਧਿਆਪਕਾ ਮਾਨਸੀ ਸ਼ਰਮਾ ਜੋ ਕਿ 26 ਜੁਲਾਈ ਤੋਂ ਗੁੰਮ ਸੀ, ਦੀ ਲਾਸ਼ ਆਖਿਰਕਾਰ ਗੰਗੂਵਾਲ ਤੋਂ ਮਿਲ ਗਈ। ਜ਼ਿਕਰਯੋਗ ਹੈ ਕਿ 26 ਜੁਲਾਈ ਨੂੰ ਸਵੇਰੇ ਮਾਨਸੀ ਸ਼ਰਮਾ ਆਪਣੇ ਘਰ ਤੋਂ ਸਕੂਲ ਲਈ ਤਿਆਰ ਹੋ ਕੇ ਗਈ ਸੀ, ਪਰ ਉਸਦੀਆਂ ਚੱਪਲਾਂ ਅਤੇ ਐਕਟਿਵਾ ਨਹਿਰ ਦੇ ਪੁਲ ’ਤੇ ਮਿਲੀਆਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਐਸ. ਐਚ. ਓ. ਨੰਗਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਮਾਨਸੀ ਸ਼ਰਮਾ ਦੇ ਪਿਤਾ ਰਾਮਪਾਲ ਸ਼ਰਮਾ ਵੱਲੋਂ ਇੱਕ ਸੁਸਾਈਡ ਨੋਟ ਪੁਲਿਸ ਨੂੰ ਦਿੱਤਾ ਗਿਆ ਸੀ ਅਤੇ ਪੁਲਿਸ ਵੱਲੋਂ ਉਹਨਾਂ ਦੇ ਬਿਆਨਾਂ ਦੇ ਆਧਾਰ ’ਤੇ 29 ਜੁਲਾਈ ਨੂੰ ਇੱਕ ਐਫ. ਆਈ. ਆਰ. 129 ਨੰਬਰ ਦਰਜ ਕੀਤੀ ਗਈ ਸੀ, ਜਿਸ ’ਚ ਦੋ ਵਿਅਕਤੀਆਂ ਦੇ ਨਾਮ ਸ਼ਾਮਿਲ ਕੀਤੇ ਗਏ ਸਨ।ਉਹਨਾਂ ਨੇ ਕਿਹਾ ਕਿ ਗੰਗੂਵਾਲ ਹੈੱਡ ਤੋਂ ਮਾਨਸੀ ਸ਼ਰਮਾ ਦੀ ਲਾਸ਼ ਮਿਲ ਗਈ ਹੈ, ਜਿਸ ਦੀ ਘਰਦਿਆਂ ਵੱਲੋਂ ਸ਼ਨਾਖਤ ਕੀਤੀ ਗਈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਐਸ. ਐਚ. ਓ. ਨੰਗਲ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੋਸ਼ੀਆਂ ਦੇ ਨਾਮ ਪੁੱਛੇ ਜਾਣ ’ਤੇ ਐਸ. ਐਚ. ਓ. ਨੰਗਲ ਨੇ ਕਿਹਾ ਕਿ ਇਸ ਦੇ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ, ਇਸ ਲਈ ਅਜੇ ਨਾਮ ਨਹੀਂ ਦੱਸੇ ਜਾਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ
