ਚੰਡੀਗੜ੍ਹ, 27 ਸਤੰਬਰ (ਹਿ. ਸ.)। ਪੰਜਾਬ ਦੇ ਜਲੰਧਰ ’ਚ ਮਸ਼ਹੂਰ ਭਜਨ ਗਾਇਕ ਕਨ੍ਹਈਆ ਮਿੱਤਲ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਈਸਾਈ ਭਾਈਚਾਰੇ ਵੱਲੋਂ ਦਰਜ ਕਰਵਾਇਆ ਗਿਆ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕਨ੍ਹਈਆ ਮਿੱਤਲ ਨੇ ਦਿੱਲੀ ਵਿੱਚ ਇੱਕ ਜਾਗਰਣ ਦੌਰਾਨ ਸਟੇਜ ਤੋਂ ਈਸਾਈ ਭਾਈਚਾਰੇ ਅਤੇ ਉਨ੍ਹਾਂ ਦੇ ਪ੍ਰਭੂ ਯਿਸੂ ਬਾਰੇ ਅਪਮਾਨਜਨਕ ਸ਼ਬਦ ਬੋਲੇ ਸਨ। ਨਾਲ ਹੀ, ਮਹਾਦੇਵ ਸ਼ਿਵ ਨੂੰ ਯਿਸੂ ਮਸੀਹ ਦਾ ਪਿਤਾ ਘੋਸ਼ਿਤ ਕੀਤਾ ਗਿਆ ਸੀ।
ਪੰਜਾਬ ਕ੍ਰਿਸਚੀਅਨ ਲੀਡਰਸ਼ਿਪ ਦੇ ਚੇਅਰਮੈਨ ਪਾਸਟਰ ਹਰਜੋਤ ਸੇਠੀ ਅਤੇ ਪੰਜਾਬ ਪ੍ਰਧਾਨ ਸੁਰਜੀਤ ਥਾਪਰ ਦੀ ਸ਼ਿਕਾਇਤ ’ਤੇ ਕਨ੍ਹਈਆ ਮਿੱਤਲ ਖਿਲਾਫ ਲਾਂਬੜਾ ਥਾਣੇ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਈਸਾਈ ਭਾਈਚਾਰੇ ਦੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਕਨ੍ਹਈਆ ਮਿੱਤਲ ਨੇ ਭਾਈਚਾਰੇ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੇ ਇਸ ਵੀਡੀਓ ਨੂੰ ਪੈਨ ਡਰਾਈਵ ਵਿੱਚ ਸੁਰੱਖਿਅਤ ਕਰਕੇ ਇਸ ਨੂੰ ਸ਼ਿਕਾਇਤ ਸਮੇਤ ਐਸਐਸਪੀ ਦੇਹਾਤ ਮੁਖਵਿੰਦਰ ਭੁੱਲਰ ਨੂੰ ਸੌਂਪਿਆ ਸੀ। ਵੀਡੀਓ ਦੀ ਪ੍ਰਮਾਣਿਕਤਾ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸਾਰੇ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਕਨ੍ਹਈਆ ਮਿੱਤਲ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
