ਨਵਾਂਸ਼ਹਿਰ, 02 ਅਕਤੂਬਰ (ਹਿ. ਸ.)। ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾਂਜਲੀ ਸਿੰਘ ਅਤੇ ਡਾ ਸੋਨੀਆ ਦੀ ਯੋਗ ਰਹਿਨੁਮਾਈ ਅਧੀਨ ਕਮਿਊਨਿਟੀ ਹੈਲਥ ਸੈਂਟਰ, ਰਾਹੋਂ ਅਤੇ ਇਸਦੇ ਆਲੇ-ਦੁਆਲੇ ਇਲਾਕਿਆਂ ਵਿੱਚ ਨਗਰ ਕੌਂਸਲ, ਰਾਹੋਂ ਦੇ ਸਹਿਯੋਗ ਨਾਲ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 154ਵੀਂ ਜਯੰਤੀ ਨੂੰ ਸਮਰਪਿਤ ‘ਇਕ ਤਰੀਕ, ਇਕ ਘੰਟਾ, ਇਕ ਸਾਥ’ ਸਵੱਛਤਾ ਮੁਹਿੰਮ ਛੇੜੀ ਗਈ, ਜਿਸ ਦਾ ਮੁੱਖ ਉਦੇਸ਼ ਆਮ ਲੋਕਾਂ ਵਿੱਚ ਸਾਫ- ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੂੜਾ ਰਹਿਤ ਸਾਫ਼ ਸੁਥਰਾ ਵਾਤਾਵਰਨ ਸਿਰਜਣ ਵਿੱਚ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ।
ਇਸੇ ਕੜੀ ਤਹਿਤ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਸਮੂਹ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਨਗਰ ਕੌਂਸਲ ਰਾਹੋਂ ਦੇ ਪ੍ਰਤੀਨਿਧੀਆਂ ਅਤੇ ਆਮ ਲੋਕਾਂ ਨੇ ਐਤਵਾਰ ਨੂੰ ਸਵੇਰੇ 10 ਵਜੇ ਤੋਂ ਇੱਕ ਘੰਟਾ ਸਵੱਛਤਾ ਗਤੀਵਿਧੀਆਂ ਆਯੋਜਿਤ ਕੀਤੀਆਂ। ਇਸ ਮੁਹਿੰਮ ਵਿੱਚ ਸਾਰਿਆਂ ਨੇ ਮਿਲ ਕੇ ਇਹ ਪ੍ਰਣ ਵੀ ਲਿਆ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਗੰਦਗੀ ਨਹੀਂ ਫੈਲਾਉਣਗੇ ਅਤੇ ਸਵੱਛਤਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ।
ਇਸ ਮੌਕੇ ਮੈਡੀਕਲ ਅਫ਼ਸਰ ਡਾ. ਗੁਰਪਿੰਦਰ ਕੌਰ ਨੇ ਕਿਹਾ ਕਿ ਸਵੱਛਤਾ ਨੂੰ ਸਾਡੀ ਜੀਵਨਸ਼ੈਲੀ ਅਤੇ ਆਦਤਾਂ ਨਾਲ ਮਜ਼ਬੂਤ ਕਰਨਾ ਚਾਹੀਦਾ ਹੈ। ਇਹ ਪ੍ਰੋਗਰਾਮ ਇੱਕ ਘੰਟੇ ਅਤੇ ਇੱਕ ਦਿਨ ਦਾ ਨਹੀਂ, ਸਗੋਂ ਜੀਵਨ ਭਰ ਦਾ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਬਿਮਾਰੀਆਂ ਦਾ ਦੂਸ਼ਿਤ ਵਾਤਾਵਰਨ ਨਾਲ ਸਿੱਧਾ ਸਬੰਧ ਹੈ, ਇਸ ਲਈ ਸਾਫ਼-ਸੁਥਰੇ ਵਾਤਾਵਰਨ ਦੀ ਸਿਰਜਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਲਈ ਸਵੱਛ ਭਵਿੱਖ ਦੀ ਸ਼ੁਰੂਆਤ ਲਈ ਸਾਨੂੰ ਮਿਲ ਕੇ ਇਕ ਚੰਗੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਸਾਫ-ਸਫਾਈ ਲਈ ਜਾਗਰੂਕ ਕਰਕੇ ਕੂੜਾ ਰਹਿਤ ਸਾਫ਼-ਸੁਥਰੇ ਵਾਤਾਵਰਨ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖ ਕੇ ਵਾਤਾਵਰਨ ਨੂੰ ਸਵੱਛ ਰੱਖ ਸਕਦੇ ਹਾਂ।
ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ
