ਬਠਿੰਡਾ, 04 ਦਸੰਬਰ (ਹਿ. ਸ.)। ਬਠਿੰਡਾ ਦੇ ਗਰੋਥ ਸੈਂਟਰ ’ਚ ਬੀਤੀ ਕੱਲ ਇੱਕ ਟਰੱਕ ਡਰਾਈਵਰ ਤੋਂ 25 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਵਾਲੇ ਲੁਟੇਰਿਆਂ ਨੂੰ ਸੀ. ਆਈ. ਏ. 1 ਦੀ ਟੀਮ ਨੇ ਅੱਜ ਸੋਮਵਾਰ ਸਵੇਰੇ ਕਾਬੂ ਕਰ ਲਿਆ।ਇਸ ਦੌਰਾਨ ਲੁਟੇਰਿਆਂ ਨੇ ਪੁਲਿਸ ‘ਤੇ ਫਾਇਰਿੰਗ ਵੀ ਕੀਤੀ, ਜਿਸ ਤੋਂ ਬਾਅਦ ਸੀਆਈਏ ਟੀਮ ਨੇ ਜਵਾਬੀ ਕਾਰਵਾਈ ਕੀਤੀ।
ਗੋਲੀ ਲੱਗਣ ਨਾਲ ਲੁਟੇਰਾ ਜ਼ਖਮੀ ਹੋ ਗਿਆ। ਲੁਟੇਰੇ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ। ਬੀਤੇ ਦਿਨ ਸਨਅਤੀ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦੇ ਟਰੱਕ ਡਰਾਈਵਰ ਲਕਸ਼ਮਣ ਸਿੰਘ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਸੀ।ਡਰਾਈਵਰ ਨੇ ਰੌਲਾ ਪਾਇਆ ਪਰ ਲੁਟੇਰਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਕੋਲੋਂ 25 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।ਮਾਮਲੇ ਦੀ ਸੂਚਨਾ ਥਾਣਾ ਸਦਰ ਬਠਿੰਡਾ ਨੂੰ ਦਿੱਤੀ ਗਈ।ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਲੁਟੇਰੇ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਕੁਝ ਨੌਜਵਾਨ ਸਨ। ਪੁਲਿਸ ਟੀਮ ਨੇ ਐਤਵਾਰ ਨੂੰ ਦੀਪ ਸਿੰਘ ਨਗਰ ‘ਚ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁਝ ਪਤਾ ਨਹੀਂ ਲੱਗ ਸਕਿਆ।
ਅੱਜ ਸੋਮਵਾਰ ਸਵੇਰੇ ਸੀਆਈਏ ਦੀ ਟੀਮ ਨੇ ਗਰੋਥ ਸੈਂਟਰ ਦੀ ਘੇਰਾਬੰਦੀ ਕਰਕੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਲੁਟੇਰੇ ਨੇ 12 ਬੋਰ ਦੇ ਦੇਸੀ ਪਿਸਤੌਲ ਨਾਲ ਪੁਲਿਸ ‘ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਵੀ ਦੋ ਗੋਲੀਆਂ ਚਲਾਈਆਂ ਅਤੇ ਇੱਕ ਲੁਟੇਰੇ ਨੂੰ ਫੜ ਲਿਆ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
