ਫਾਜ਼ਿਲਕਾ 11 ਦਸੰਬਰ (ਹਿ. ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਹਿਕਾਰਤਾ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਦੀ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪੀਥਾ ਦੇ 38ਵੇਂ ਪਿੜਾਈ ਸੀਜ਼ਨ 2023-24 ਦਾ ਸੁਭ ਆਰੰਭ ਫਾਜ਼ਿਲਕਾ ਹਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਬੱਲੂਆਣਾ ਹਲਕੇ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਜਲਾਲਾਬਾਦ ਹਲਕੇ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।
ਸਮਾਗਮ ਆਰੰਭ ਹੋਣ ਤੋਂ ਪਹਿਲਾਂ ਗੁਰੂਦੁਆਰਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਇਸ ਉਪਰੰਤ ਮਹਿਮਾਨਾਂ ਵੱਲੋਂ ਕਿਸਾਨ ਭਰਾਵਾਂ ਨੂੰ ਸੰਬੋਧਨ ਕਰਨ ਉਪਰੰਤ, ਕੰਡੇ ਤੇ ਪਹੁੰਚੀਆਂ ਪਹਿਲੀਆਂ ਪੰਜ ਟਰਾਲੀਆਂ ਦੇ ਜਿੰਮੀਦਾਰਾਂ ਨੂੰ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਵਿਧਾਇਕਾਂ ਨੇ ਮਿੱਲ ਦੇ ਸੀਜ਼ਨ 2023-24 ਨੂੰ ਚਲਾਉਂਣ ਦਾ ਰਸਮੀ ਉਦਘਾਟਨ ਕੀਤਾ ।
ਵਿਧਾਇਕ ਫਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾ, ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ। ਉਨਾਂ ਕਿਹਾ ਕਿ ਕਿਸਾਨ ਕਣਕ ਤੇ ਝੋਨੇ ਦੇ ਫਸਲੀ ਚੱਕਰ ਚੋ ਨਿਕਲ ਕੇ ਗੰਨੇ ਦੀ ਕਾਸ਼ਤ ਕਰਨ ਤੇ ਚੰਗੀਆਂ ਕਿਸਮਾਂ ਦੇ ਗੰਨੇ ਦੀ ਕਾਸ਼ਤ ਕਰਨ ਤਾ ਜੋ ਵੱਧ ਝਾੜ ਵੀ ਹੋਵੇ ਤੇ ਵੱਧ ਖੰਡ ਵੀ ਨਿਕਲੇ ਅਜਿਹਾ ਕਰਨ ਨਾਲ ਕਿਸਾਨਾਂ ਦੇ ਨਾਲ ਨਾਲ ਮਿੱਲ ਨੂੰ ਵੀ ਫਾਇਦਾ ਹੋਵੇਗਾ।
ਵਿਧਾਇਕ ਬੱਲੂਆਣਾ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਗੰਨੇ ਦੀ ਵੱਧ ਤੋ ਵੱਧ ਉਪਜ ਕਰਨ ਵੱਲ ਪ੍ਰੇ੍ਰਿਤ ਕਰ ਰਹੀ ਹੈ. ਇਸੇ ਤਹਿਤਹ ਹੀ ਇਸ ਸੀਜਨ ਦੌਰਾਨ ਗੰਨੇ ਦੇ ਰੇਟ ਵਿੱਚ 11 ਰੁ. ਪ੍ਰਤੀ ਕੁਇਟਲ ਵਾਧਾ ਕੀਤਾ ਗਿਆ ਹੈ ਹੁਣ ਗੰਨੇ ਦਾ ਰੇਟ 391 ਰੁ. ਪ੍ਰਤੀ ਕੁਇੰਟਲ ਹੈ। ਉਨਾ ਕਿਹਾ ਕਿ ਪੰਜਾਬ ਸਰਕਾਰ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਬਕਾਇਆ ਰਾਸ਼ੀ ਤੇ ਮਿੱਲ ਦੇ ਕਰਮਚਾਰੀਆਂ ਦੀ ਤਨਖਾਹ ਦਾ ਵੀ ਭੁਗਤਾਨ ਕੀਤਾ ਜੋ ਕਿ ਸਲਾਹਨਜੋਗ ਕਾਰਜ ਹੈ!
ਇਸ ਮੌਕੇ ਤੇ ਮਿੱਲ ਦੇ ਜਨਰਲ ਮੈਨੇਜਰ ਸੁਖਦੀਪ ਸਿੰਘ ਕੈਰੋਂ ਵੱਲੋਂ ਗੰਨਾ ਕਾਸਤਕਾਰ ਭਰਾਵਾਂ ਦਾ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਇਹ ਅਪੀਲ ਕੀਤੀ ਗਈ ਕਿ ਕਿਸਾਨ ਭਰਾ ਆਪਣਾ ਗੰਨਾ ਮਿੱਲ ਵਿੱਚ ਮੰਗ ਪਰਚੀ ਅਨੁਸਾਰ ਸਾਫ-ਸੁਥਰਾ ਅਤੇ ਖੋਰੀ ਤੋਂ ਰਹਿਤ ਲੈ ਕੇ ਆਉਣ ਤਾਂ ਜੋ ਮਿੱਲ ਦੇ ਮਿੱਥੇ ਗਏ ਟੀਚੇ ਪ੍ਰਾਪਤ ਕੀਤੇ ਜਾ ਸਕਣ । ਸਮਾਗਮ ਦਾ ਸੰਚਾਲਨ ਅਸ਼ੋਕ ਕੁਮਾਰ, ਦਫਤਰ ਨਿਗਰਾਨ ਵੱਲੋਂ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
