ਫ਼ਰੀਦਕੋਟ, 18 ਦਸੰਬਰ (ਹਿ. ਸ.)। ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਈ ਮੈਗਾ ਮਾਪੇ-ਅਧਿਆਪਕ ਮਿਲਣੀ ਦੌਰਾਨ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਨੀਲਮ ਰਾਣੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਨਜੀਤ ਇੰਦਰਪੁਰਾ, ਸਰਕਾਰੀ ਮਿਡਲ ਸਕੂਲ ਮਨਜੀਤ ਇੰਦਰਪੁਰਾ, ਸਰਕਾਰੀ ਪ੍ਰਾਇਮਰੀ ਸਕੂਲ ਮਚਾਕੀ ਮੱਲ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਦੁਆਰੇਆਣਾ, ਸਰਕਾਰੀ ਪਾ੍ਰਇਮਰੀ ਸਕੂਲ ਵੀਰੇਵਾਲਾ ਖੁਰਦ, ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖੁਰਦ ਵਿਖੇ ਪੁੱਜ ਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦਾ ਉਤਸ਼ਾਹ ਵਧਾਇਆ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਸਕੂਲਾਂ ‘ਚ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ‘ਚ ਇਸ ਮਿਲਣੀ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
ਖਾਸ ਕਰਕੇ ਅਧਿਆਪਕਾਂ ਨੇ ਇਸ ਮਿਲਣੀ ਨੂੰ ਸਖ਼ਤ ਮਿਹਨਤ ਕਰਦਿਆਂ ਇੱਕ ਫ਼ੈਸਟੀਵਲ ਮੰਨ ਕੇ ਤਿਆਰੀਆਂ ਕੀਤੀਆਂ। ਇਸ ਮੌਕੇ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਹੋਏ ਵਿਚਾਰ-ਵਿਟਾਂਦਰੇ ਦਾ ਲਾਭ ਹੋਵੇਗਾ। ਇਸ ਨਾਲ ਸਿੱਖਿਆ ਦਾ ਪੱਧਰ ਉੱਚਾ ਹੋਵੇਗਾ ਅਤੇ ਆਮ ਲੋਕਾਂ ਦਾ ਸਰਕਾਰੀ ਸਕੂਲਾਂ ‘ਚ ਵਿਸ਼ਵਾਸ਼ ਹੋਰ ਵਧੇਗਾ। ਉਨ੍ਹਾਂ ਕਿਹਾ ਇਸ ਮਿਲਣੀ ਦੌਰਾਨ ਅਧਿਆਪਕਾਂ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਾਸਤੇ ਮਾਪਿਆਂ ਨਾਲ ਖੁੱਲ ਕੇ ਗੱਲਬਾਤ ਕੀਤੀ | ਮਾਪਿਆਂ ਨੇ ਵੀ ਬਹੁਤੀ ਥਾਂਵਾਂ ਤੇ ਵੱਡੀ ਗਿਣਤੀ ‘ਚ ਪਹੁੰਚ ਕੇ ਯਕੀਨ ਦੁਆਇਆ ਕਿ ਉਹ ਅਧਿਆਪਕਾਂ ਦੀ ਸਲਾਹ ਅਨੁਸਾਰ ਆਪਣੇ ਬੱਚੇ ਦੀ ਬੇਹਤਰੀ ਵਾਸਤੇ ਯੋਗਦਾਨ ਦੇਣਗੇ। ਇਸ ਮਿਲਣੀ ਦੌਰਾਨ ਅਧਿਆਪਕਾਂ ਨੇ ਮਾਪਿਆਂ ਦਾ ਸੁਆਗਤ ਕੀਤਾ, ਉਨ੍ਹਾਂ ਤੋਂ ਫ਼ੀਡ ਬੈਕ ਫ਼ਾਰਮ ਭਰਵਾਏ, ਢੁੱਕਵਾਂ ਰਿਫ਼ਰੈਸ਼ਮੈਂਟ ਦਾ ਪ੍ਰਬੰਧ ਕੀਤਾ। ਅਧਿਆਪਕਾਂ ਵੱਲੋਂ ਲਾਇਬ੍ਰੇਰੀ ਲੰਗਰ ਵੀ ਲਗਾਏ ਗਏ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
