ਫਤਿਹਗੜ੍ਹ ਸਾਹਿਬ, 08 ਦਸੰਬਰ (ਹਿ. ਸ.)। ਪੋਲੀਓ ਤੇ ਜਿੱਤ ਬਰਕਰਾਰ ਰੱਖਣ ਲਈ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ 10 ਤੋਂ 12 ਦਸੰਬਰ ਤੱਕ ਵਿਸ਼ੇਸ਼ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਅਧੀਨ ਜ਼ਿਲ੍ਹੇ ਵਿਚਲੇ 0-5 ਸਾਲ ਤੱਕ ਦੇ ਲਗਭਗ 51771 ਬੱਚਿਆਂ ਨੂੰ ਪੋਲਿਓ ਦੀਆਂ ਦੋ-ਦੋ ਬੂੰਦਾਂ ਪਿਲਾ ਕੇ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਥ ਲਗਾ ਕੇ ਪੋਲੀਓ ਬੂੰਦਾ ਪਲਾਈਆਂ ਜਾਣਗੀਆਂ ਜਦਕਿ ਇਨ੍ਹਾਂ ਬੂਥਾਂ ਉੱਪਰ ਨਾ ਪਹੁੰਚ ਸਕਣ ਵਾਲੇ ਬੱਚਿਆਂ ਨੂੰ ਮੁਹਿੰਮ ਦੇ ਦੂਸਰੇ ਅਤੇ ਤੀਸਰੇ ਦਿਨ ਇਹ ਟੀਮਾਂ ਘਰ ਘਰ ਜਾ ਕੇ ਬੂੰਦਾ ਪਿਲਾਉਣਗੀਆਂ। ਉਨ੍ਹਾਂ ਦੱਸਿਆ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਬੱਚਾ ਪੋਲੀਓ ਦੀਆਂ ਬੂੰਦਾਂ ਤੋਂ ਵਾਂਝਾ ਨਾ ਰਹੇ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਮੁਹਿੰਮ ਦੇ ਪਹਿਲੇ ਦਿਨ 366 ਬੂਥ ਲਗਾਏ ਜਾਣਗੇ, ਮੁਹਿੰਮ ਦੇ ਦੂਸਰੇ ਅਤੇ ਤੀਸਰੇ ਦਿਨ ਘਰ ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਲਾਉਣ ਲਈ 573 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਮੁਹਿੰਮ ਦੀ ਸੁਪਰਵੀਜਨ ਕਰਨ ਲਈ ਬਲਾਕ ਪੱਧਰ ਤੇ 75 ਸੁਪਰਵਾਈਜ਼ਰ ਲਗਾਏ ਗਏ ਹਨ ਜਦਕਿ ਜਿਲਾ ਪੱਧਰ ਤੋਂ ਮੁਹਿੰਮ ਦੀ ਸੁਪਰਵੀਜ਼ਨ ਕਰਨ ਲਈ 05 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਵਿੱਚ 80 ਏ.ਐਨ.ਐਮ, 411ਆਸ਼ਾ ਵਰਕਰ, 313 ਆਂਗਣਵਾੜੀ ਵਰਕਰ ਅਤੇ 423 ਹੋਰ ਮੈਡੀਕਲ/ਪੈਰਾ ਮੈਡੀਕਲ ਸਟਾਫ ਦੀ ਮਦਦ ਲਈ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ 0-5 ਸਾਲ ਦਾ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਵਿੱਚ ਵਿਭਾਗ ਦਾ ਸਹਿਯੋਗ ਕਰਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
