
ਖੰਨਾ, 29 ਸਤੰਬਰ (ਹਿ. ਸ.)। ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਆਈ.ਪੀ.ਐੱਸ. ਖੰਨਾ ਦੀ ਰਹਿਨੁਮਾਈ ਹੇਠ ਐਸ. ਪੀ. ਡਾ. ਪ੍ਰਗਿਆ ਜੈਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੇ ਅਧੀਨ ਡੀ.ਐਸ.ਪੀ ਪਵਨਜੀਤ ਖੰਨਾ, ਡੀ.ਐਸ.ਪੀ ਰਾਜੇਸ਼ ਸ਼ਰਮਾ, ਇੰਚਾਰਜ ਸੀ.ਆਈ.ਏ ਸਟਾਫ, ਖੰਨਾ, ਥਾਣਾ ਸਿਟੀ ਖੰਨਾ ਅਤੇ ਥਾਣਾ ਸਿਟੀ-2 ਖੰਨਾ ਦੀਆਂ ਟੀਮਾਂ ਨੇ 06 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 08 ਚੋਰੀ ਕੀਤੇ ਹੋਏ ਮੋਟਰਸਾਈਕਲ ਤੇ ਨਕਦੀ ਬ੍ਰਾਮਦ ਕੀਤੀ।
ਇਸ ਸੰਬੰਧੀ ਐੱਸ. ਪੀ. ਡੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ 25 ਸਤੰਬਰ ਨੂੰ ਸੁਰਿੰਦਰਪਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਗਲੀ ਨੰਬਰ-4 ਮਕਾਨ ਨੰਬਰ 105, ਜਗਤ ਕਲੋਨੀ, ਖੰਨਾ ਨੇ ਥਾਣਾ ਸਿਟੀ ਖੰਨਾ ਦੀ ਪੁਲਿਸ ਪਾਰਟੀ ਕੋਲ ਬਿਆਨ ਲਿਖਾਇਆ ਸੀ 25 ਸਤੰਬਰ ਨੂੰ ਕਿਸੇ ਨਾ-ਮਲੂਮ ਵਿਅਕਤੀ ਨੇ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਉਹਨਾਂ ਦੇ ਘਰ ਦੇ ਸਾਰੇ ਤਾਲੇ ਤੋੜ ਕੇ ਉਸ ਦੇ ਘਰ ਅੰਦਰੋਂ ਸੋਨੇ ਅਤੇ ਚਾਂਦੀ ਦਾ ਕੀਮਤੀ ਸਮਾਨ ਸਮੇਤ 1 ਲੱਖ 50 ਹਜਾਰ ਕੈਸ਼ ਚੋਰੀ ਕਰ ਲਿਆ ਹੈ। ਜਿਸ ’ਤੇ ਮੁਕੱਦਮਾ ਨੰਬਰ 160 ਮਿਤੀ 25.09.2023 ਅ/ਧ 454, 380 ਭ/ਦ ਥਾਣਾ ਸਿਟੀ ਖੰਨਾ ਵਿੱਚ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਤਫਤੀਸ਼ ਦੌਰਾਨ ਹਰਵਿੰਦਰ ਸਿੰਘ ਉਰਫ ਰਵੀ ਅਤੇ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਜਸਵੀਰ ਸਿੰਘ ਵਾਸੀ ਸਾਮਗੜ੍ਹ, ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ ਨੂੰ ਟਰੇਸ ਕਰਕੇ ਚੋਰੀ ਕੀਤੇ 1,14,000/- ਰੁਪਏ, 200 ਕੈਨੇਡੀਅਨ ਡਾਲਰ, 90 ਗ੍ਰਾਮ ਚਾਂਦੀ ਬ੍ਰਾਮਦ ਕੀਤੀ।
ਉਨ੍ਹਾਂ ਦੱਸਿਆ ਕਿ 20 ਸਤੰਬਰ ਨੂੰ ਰਫੀ ਪੁੱਤਰ ਸੀਨਾ ਵਾਸੀ ਨੇੜੇ ਭੂਤਾ ਵਾਲਾ ਗੁਰੂਦਵਾਰਾ, ਦਲੀਪ ਸਿੰਘ ਨਗਰ, ਜਿਲਾ ਲੁਧਿਆਣਾ ਅਤੇ ਹਰਦੀਪ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਖੰਨਾ ਖੁਰਦ ਵਲੋਂ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਹਨਾਂ ਦੇ ਮੋਟਰਸਾਇਕਲ ਨੰਬਰ ਪੀਬੀ-10ਸੀਕੇ-2678 ਅਤੇ ਮੋਟਰਸਾਈਕਲ ਨੰਬਰ ਪੀਬੀ-26ਈ-3655 ਨੂੰ ਸਾਹਿਲ ਉਰਫ ਸੰਘਾ ਵਾਸੀ ਮਾਸਟਰ ਕਲੋਨੀ ਮੰਡੀ ਗੋਬਿੰਦਗੜ੍ਹ ਨੇ ਚੋਰੀ ਕੀਤੇ ਹਨ। ਜਿਸ ’ਤੇ ਮੁਕੱਦਮਾ ਨੰਬਰ 156 ਮਿਤੀ 20.09.2023 ਜੁਰਮ 379 ਭ/ਦ ਥਾਣਾ ਸਿਟੀ-1 ਖੰਨਾ ਦਰਜ ਕੀਤਾ ਗਿਆ। ਦੌਰਾਨੇ ਤਫਤੀਸ਼ ਸਾਹਿਲ ਉਰਫ ਸਿੰਘਾ ਵਾਸੀ ਮਾਸਟਰ ਕਲੋਨੀ ਮੰਡੀ ਗੋਬਿੰਦਗੜ੍ਹ, ਜਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਉਸਦੇ ਸਾਥੀ ਸੰਜੇ ਉਰਫ ਬਲੈਕੀਆ ਪੁੱਤਰ ਨਰੇਸ਼ ਬਾਠਾ ਵਾਸੀ ਨਸਰਾਲੀ, ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫਤਾਰ ਕਰਕੇ 02 ਮੋਟਰਸਾਇਕਲ ਬ੍ਰਾਮਦ ਕੀਤੇ ਗਏ। ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜਮ ਚੋਰੀ ਕੀਤੇ ਹੋਏ ਮੋਟਰਸਾਈਕਲ ਅੱਗੇ ਗੁਰਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਇਕਬਾਲ ਨਗਰ ਮੰਡੀ ਗੋਬਿੰਦਗੜ੍ਹ ਅਤੇ ਰਵੀ ਪੁੱਤਰ ਸੁਨੀਲ ਕੁਮਾਰ ਵਾਸੀ ਉੱਚਾ ਭਾਦਲਾ ਥਾਣਾ ਸਦਰ ਖੰਨਾ ਨੂੰ ਵੇਚਦੇ ਹਨ। ਮੁਕੱਦਮਾ ਉਕਤ ਵਿਚ ਗੁਰਪਾਲ ਸਿੰਘ ਅਤੇ ਰਵੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰਨ ਉਪਰੰਤ ਇਹਨਾਂ ਪਾਸੋਂ ਹੋਰ 05 ਚੋਰੀਸ਼ੁਦਾ ਮੋਟਰਸਾਈਕਲ ਬ੍ਰਾਮਦ ਕੀਤੇ ਗਏ ਅਤੇ ਸਾਹਿਲ ਉਰਫ ਸਿੰਘਾ ਪਾਸੋਂ ਪੁੱਛਗਿੱਛ ਦੌਰਾਨ 01 ਹੋਰ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ। ਇਸ ਮੁਕੱਦਮੇ ਵਿਚ ਕੁੱਲ 08 ਚੋਰੀਸ਼ੁਦਾ ਮੋਟਰਸਾਇਕਲ ਬ੍ਰਾਮਦ ਕੀਤੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ 27 ਸਤੰਬਰ ਨੂੰ ਗੁਰਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰਬਰ 28, ਗਲੀ ਨੰਬਰ 03, ਮੋਤੀ ਨਗਰ, ਭੱਟੀਆਂ, ਥਾਣਾ ਸਿਟੀ ਖੰਨਾ ਨੇ ਥਾਣਾ ਸਿਟੀ-2 ਖੰਨਾ ਦੀ ਪੁਲਿਸ ਨੂੰ ਇਤਲਾਹ ਦਿੱਤੀ ਕਿ ਮਿਤੀ 09.09.2023 ਨੂੰ ਉਸਦਾ ਮੋਟਰਸਾਇਕਲ ਨੰਬਰ ਪੀਬੀ-10ਜੀਪੀ-1469 ਜੀ.ਟੀ.ਬੀ ਮਾਰਕਿਟ ਖੰਨਾ ਤੋਂ ਸਾਹਿਲ ਉਰਫ ਸੰਘਾ ਮਾਸਟਰ ਕਲੋਨੀ ਮੰਡੀ ਗੋਬਿੰਦਗੜ੍ਹ ਨੇ ਚੋਰੀ ਕਰ ਲਿਆ ਹੈ। ਜਿਸ ’ਤੇ ਮੁਕੱਦਮਾ ਨੰਬਰ 175, ਮਿਤੀ 27.09.2023 ਅ/ਧ 379, ਭ/ਦ ਥਾਣਾ ਸਿਟੀ-2 ਖੰਨਾ ਵਿਖੇ ਦਰਜ ਕੀਤਾ ਗਿਆ। ਐਸਪੀ ਪ੍ਰਗਿਆ ਜੈਨ ਨੇ ਦੱਸਿਆ ਕਿ ਉਪਰੋਕਤ ਮੁਕੱਦਮਿਆਂ ਦੇ ਸਾਰੇ ਮੁਲਜਮ ਪੁਲਿਸ ਰਿਮਾਂਡ ’ਤੇ ਹਨ, ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਕੋਲੋਂ ਹੋਰ ਵੀ ਚੋਰੀ ਦੇ ਮੋਟਰਸਾਇਕਲ ਬ੍ਰਾਮਦ ਹੋਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
